ਬੋਫੋਰਸ ਮਾਮਲਾ: ਪੱਤਰਕਾਰ ਨੇ ਸੀਬੀਆਈ ਨੂੰ ਸਬੂਤ ਜਨਤਕ ਕਰਨ ਲਈ ਕਿਹਾ
ਨਵੀਂ ਦਿੱਲੀ, 9 ਮਾਰਚ
ਪੱਤਰਕਾਰ ਅਤੇ ਲੇਖਕ ਚਿਤਰਾ ਸੁਬਰਾਮਣੀਅਮ ਨੇ ਸੀਬੀਆਈ ਨੂੰ ਕਿਹਾ ਹੈ ਕਿ ਉਹ ਬੋਫੋਰਸ ਰਿਸ਼ਵਤਖੋਰੀ ਮਾਮਲੇ ’ਚ ਸਵਿਟਜ਼ਰਲੈਂਡ ਤੋਂ ਮਿਲੇ ਸਬੂਤ ਜਨਤਕ ਕਰੇ। ਸਾਬਕਾ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸਬੂਤ ਜਾਂਚ ’ਚ ਵਰਤਣ ਦੇ ਨਾਲ ਨਾਲ ਚਾਰਜਸ਼ੀਟ ਪੇਸ਼ ਕਰਨ ਸਮੇਂ ਅਦਾਲਤ ਅੱਗੇ ਪੇਸ਼ ਕੀਤੇ ਗਏ ਸਨ। ਖ਼ਬਰ ਏਜੰਸੀ ਨਾਲ ਵਿਸ਼ੇਸ਼ ਇੰਟਰਵਿਊ ’ਚ ਕਿਤਾਬ ‘ਬੋਫੋਰਸਗੇਟ: ਏ ਜਰਨਲਿਸਟਸ ਪਰਸਿਊਟ ਆਫ਼ ਟਰੁੱਥ’ ਦੀ ਲੇਖਿਕਾ ਨੇ ਕਿਹਾ, ‘‘ਸਾਨੂੰ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਸਬੂਤਾਂ ਨਾਲ ਭਰੇ ਬਕਸੇ ਕਿਸ ਨੇ ਖੋਲ੍ਹੇ ਸਨ। ਜਦੋਂ ਇਹ ਖੋਲ੍ਹੇ ਗਏ ਸਨ ਤਾਂ ਉਸ ’ਚੋਂ ਕੀ ਨਿਕਲਿਆ ਸੀ।’’ ਉਨ੍ਹਾਂ ਕਿਹਾ, ‘‘ਤਤਕਾਲੀ ਰੱਖਿਆ ਮੰਤਰੀ ਜੌਰਜ ਫਰਨਾਂਡੇਜ਼ ਨੇ ਫਿਰ ਮੈਨੂੰ 1999 ਦੇ ਅਖੀਰ ’ਚ ਇਹ ਕਿਉਂ ਦੱਸਿਆ ਸੀ ਕਿ ਉਨ੍ਹਾਂ ਨੂੰ ਬ੍ਰਿਜੇਸ਼ ਮਿਸ਼ਰਾ ਨੇ ਆਖਿਆ ਸੀ ਕਿ ਬਕਸੇ ਨੂੰ ਨਾ ਖੋਲ੍ਹਿਆ ਜਾਵੇ?’’ ਬੋਫੋਰਸ ਮੁੱਦੇ ’ਤੇ ਆਪਣੇ ਸਟੈਂਡ ’ਤੇ ਡਟੀ ਸੁਬਰਾਮਣੀਅਮ ਨੇ ਕਿਹਾ, ‘‘ਸੀਬੀਆਈ ਉਹ ਆਖ ਰਹੀ ਹੈ ਜੋ ਉਸ ਨੇ ਬੋਲਣਾ ਹੈ ਅਤੇ ਮੈਂ ਖੁਦ ਜੋ ਬੋਲਣਾ ਹੈ, ਉਹ ਆਖਾਂਗੀ।’’ ਰਾਜਸਥਾਨ ਪੁਲੀਸ ਦੇ ਸਾਬਕਾ ਡਾਇਰੈਕਟਰ ਜਨਰਲ ਓਪੀ ਗਲਹੋਤਰਾ, ਜਿਨ੍ਹਾਂ ਆਪਣੇ ਕਾਰਜਕਾਲ ਦੌਰਾਨ ਸੀਬੀਆਈ ਨਾਲ ਬੋਫੋਰਸ ਕੇਸ ’ਚ ਅਹਿਮ ਭੂਮਿਕਾ ਨਿਭਾਈ ਸੀ, ਨੇ ਕਿਹਾ ਕਿ ਏਜੰਸੀ ਨੇ ਸਵਿਟਜ਼ਰਲੈਂਡ ਤੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਨ੍ਹਾਂ ਕਿਹਾ ਕਿ ਜਾਂਚਕਾਰ ਅਦਾਲਤਾਂ ਪ੍ਰਤੀ ਜਵਾਬਦੇਹ ਹਨ। ਬੋਫੋਰਸ ਦਸਤਾਵੇਜ਼ ਸੀਬੀਆਈ ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਟੀਮ ਵੱਲੋਂ ਟਰਾਂਸਫਰ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਤੀਸ ਹਜ਼ਾਰੀ ਕੰਪਲੈਕਸ ’ਚ ਵਧੀਕ ਸੈਸ਼ਨ ਜੱਜ ਅਜੀਤ ਭਰਿਹੋਕ ਕੋਲ ਜਮ੍ਹਾਂ ਕਰਵਾਇਆ ਗਿਆ ਸੀ। ਸੁਬਰਾਮਣੀਅਮ ਦੀ ਕਿਤਾਬ ਦੇ ਦਾਅਵਿਆਂ ਦੀ ਨਿਰਪੱਖ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਉਨ੍ਹਾਂ ਬੋਫੋਰਸ ਕੇਸ ’ਚ ਕਥਿਤ ਰਿਸ਼ਤਵਖੋਰੀ ਬਾਰੇ ਸਰਕਾਰੀ ਬਿਰਤਾਂਤ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ 64 ਕਰੋੜ ਰੁਪਏ ਦੀ ਰਾਸ਼ੀ ਨਾਲ ਭ੍ਰਿਸ਼ਟਾਚਾਰ ਦੀ ਹੱਦ ਦਾ ਪਤਾ ਨਹੀਂ ਲੱਗ ਸਕਦਾ ਹੈ। ਉਨ੍ਹਾਂ ਕਿਹਾ, ‘‘ਮੈਂ ਨਹੀਂ ਮੰਨਦੀ ਅਤੇ ਕੋਈ ਵੀ ਨਹੀਂ ਮੰਨਦਾ ਕਿ 18.5 ਫ਼ੀਸਦ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ। ਅਸੀਂ 64 ਕਰੋੜ ਦੀ ਰੱਟ ਲਗਾਈ ਹੋਈ ਹੈ ਪਰ ਅਸਲ ਫ਼ੀਸਦ ਕੀ ਹੈ? ਕਿਉਂਕਿ ਸਟੇਨ ਲਿੰਡਸਟਰੌਮ (ਸਵੀਡਿਸ਼ ਪੁਲੀਸ ਦੇ ਸਾਬਕਾ ਮੁਖੀ) ਨੂੰ ਵਿਸ਼ਵਾਸ ਨਹੀਂ ਹੈ ਕਿ ਇਹ 3 ਫ਼ੀਸਦ ਸੀ। ਇੰਨਾ ਵੱਡਾ ਲੋਕਤੰਤਰ ਇੰਨੇ ਘੱਟ ਪੈਸਿਆਂ ਲਈ ਕਿਉਂ ਡਟਿਆ ਰਹੇਗਾ?’’ ਬੋਫੋਰਸ ਘੁਟਾਲੇ ਅਤੇ ਗਾਂਧੀ ਪਰਿਵਾਰ ਵਿਚਕਾਰ ਸੰਭਾਵੀ ਸਬੰਧਾਂ ਬਾਰੇ ਪੁੱਛਣ ’ਤੇ ਸੁਬਰਾਮਣੀਅਮ ਨੇ ਕਿਹਾ ਕਿ ਉਸ ਨੂੰ ਰਾਜੀਵ ਗਾਂਧੀ ਬਾਰੇ ਪੱਕਾ ਪਤਾ ਨਹੀਂ ਹੈ ਪਰ ਪੈਸਾ ਇਤਾਲਵੀ ਕਾਰੋਬਾਰੀ ਓਤਾਵੀਓ ਕੁਆਤਰੋਚੀ ਕੋਲ ਜ਼ਰੂਰ ਪਹੁੰਚਿਆ ਸੀ। -ਪੀਟੀਆਈ
‘ਅਮਿਤਾਭ ਬਾਰੇ ਝੂਠੀਆਂ ਕਹਾਣੀਆਂ ਘੜੀਆਂ’
ਚਿਤਰਾ ਸੁਬਰਾਮਣੀਅਮ ਨੇ ਕਿਹਾ ਕਿ ਸੀਬੀਆਈ ਨੇ ਜਾਂਚ ਲੀਹੋਂ ਤਾਰਨ ਅਤੇ ਸਿਆਸੀ ਬਦਲਾਖੋਰੀ ਤਹਿਤ ਫਿਲਮ ਅਦਾਕਾਰ ਅਮਿਤਾਭ ਬੱਚਨ ਬਾਰੇ ਕਹਾਣੀਆਂ ਘੜੀਆਂ। ਉਨ੍ਹਾਂ ਕਿਹਾ, ‘‘ਰਾਜੀਵ ਗਾਂਧੀ ਤੋਂ ਲੈ ਕੇ ਵੀਪੀ ਸਿੰਘ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਅਮਿਤਾਭ ਬੱਚਨ ਨੂੰ ਹੇਠਾਂ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਮੇਰੇ ਵਿਚਾਰ ਨਾਲ ਲੋਕ ਇਸ ਵਿਅਕਤੀ ਤੋਂ ਈਰਖਾ ਕਰਦੇ ਸਨ ਪਰ ਉਸ ਨੂੰ ਕਿਸੇ ਦੀ ਲੋੜ ਨਹੀਂ ਹੈ।’’