ਭਾਜਪਾ ਦੀ ਜਿੱਤ ਨਾਲ ਮਹਾਰਾਸ਼ਟਰ ’ਚ ਸ਼ਰਦ ਪਵਾਰ ਦੀ ਸਿਆਸਤ ਦਾ ਅੰਤ ਹੋਇਆ: ਸ਼ਾਹ
ਸ਼ਿਰਡੀ, 12 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੀਨੀਅਰ ਆਗੂ ਸ਼ਰਦ ਪਵਾਰ ਨੇ 1978 ਤੋਂ ਮਹਾਰਾਸ਼ਟਰ ’ਚ ਧੋਖੇ ਅਤੇ ਫਰੇਬ ਦੀ ਸਿਆਸਤ ਕੀਤੀ ਜਿਸ ਦਾ ਹੁਣ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਹੂਝਾ ਫੇਰ ਜਿੱਤ ਨਾਲ ਖ਼ਾਤਮਾ ਹੋ ਗਿਆ ਹੈ। ‘ਇੰਡੀਆ’ ਗੱਠਜੋੜ ’ਚ ਸ਼ਾਮਲ ਪਾਰਟੀਆਂ ’ਚ ਮਤਭੇਦ ਦਾ ਦਾਅਵਾ ਕਰਦਿਆਂ ਸ਼ਾਹ ਨੇ ਭਰੋਸਾ ਜਤਾਇਆ ਕਿ ਭਾਜਪਾ ਅਗਲੇ ਮਹੀਨੇ ਦਿੱਲੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਜਿੱਤੇਗੀ। ਸ਼ਿਰਡੀ ’ਚ ਭਾਜਪਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਪਰਿਵਾਰਵਾਦ ਅਤੇ ਧੋਖੇ ਦੀ ਸਿਆਸਤ ਨੂੰ ਨਕਾਰ ਕੇ ਐੱਨਸੀਪੀ (ਐੱਸਪੀ) ਮੁਖੀ ਪਵਾਰ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਉੂਧਵ ਠਾਕਰੇ ਨੂੰ ਉਨ੍ਹਾਂ ਦੀ ਥਾਂ ਦਿਖਾ ਦਿੱਤੀ ਹੈ। ਉਨ੍ਹਾਂ ਕਿਹਾ, ‘‘ਲੋਕਾਂ ਨੇ ਪਵਾਰ ਅਤੇ ਊਧਵ ਨੂੰ 2024 ਦੀਆਂ ਚੋਣਾਂ ’ਚ ਘਰ ਬਿਠਾ ਦਿੱਤਾ ਹੈ ਅਤੇ ਅਸਲ ਸ਼ਿਵ ਸੈਨਾ ਤੇ ਐੱਨਸੀਪੀ ਨੂੰ ਭਾਜਪਾ ਨਾਲ ਜਿਤਾ ਦਿੱਤਾ ਹੈ।’’ ਸ਼ਾਹ ਨੇ ਕਿਹਾ ਕਿ ਚੋਣਾਂ ਨਾਲ ਹੀ ਮਹਾਰਾਸ਼ਟਰ ’ਚ 1978 ਤੋਂ ਸ਼ੁਰੂ ਹੋਈ ਅਸਥਿਰਤਾ ਦੀ ਸਿਆਸਤ ਖ਼ਤਮ ਹੋ ਗਈ ਹੈ। ਸੂਬੇ ’ਚ ਪਾਰਟੀ ਦੀ ਵੱਡੀ ਜਿੱਤ ਲਈ ਭਾਜਪਾ ਵਰਕਰਾਂ ਦੀ ਸ਼ਲਾਘਾ ਕਰਦਿਆਂ ਸ਼ਾਹ ਨੇ ਕਿਹਾ, ‘‘ਤੁਸੀਂ ਪੰਚਾਇਤ ਤੋਂ ਸੰਸਦ ਤੱਕ ਪਾਰਟੀ ਦੀ ਜਿੱਤ ਯਕੀਨੀ ਬਣਾਈ। ਤੁਸੀਂ ਭਾਜਪਾ ਨੂੰ ਅਜਿੱਤ ਬਣਾ ਦਿਉ ਤਾਂ ਜੋ ਕੋਈ ਵੀ ਉਸ ਨੂੰ ਮੁੜ ਧੋਖਾ ਦੇਣ ਦੀ ਹਿੰਮਤ ਨਾ ਕਰ ਸਕੇ।’’ ਉਨ੍ਹਾਂ ਭਾਜਪਾ ਵਰਕਰਾਂ ਨੂੰ ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਬਣਾਉਣ ’ਤੇ ਧਿਆਨ ਕੇਂਦਰਤ ਕਰਨ ਅਤੇ ਔਰਤਾਂ ਤੇ ਕਿਸਾਨਾਂ ਨੂੰ ਵੱਡੀ ਗਿਣਤੀ ’ਚ ਸ਼ਾਮਲ ਕਰਨ ਲਈ ਕਿਹਾ। ਸ਼ਾਹ ਨੇ ਕਿਹਾ, ‘‘ਸਿਰਫ਼ ਭਾਜਪਾ ਹੀ ਕਿਸਾਨ ਖੁਦਕੁਸ਼ੀਆਂ ਨੂੰ ਰੋਕ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।’’ -ਪੀਟੀਆਈ
ਪੰਜ ਹਜ਼ਾਰ ਨੌਜਵਾਨਾਂ ਨੇ ਨਕਸਲਵਾਦ ਛੱਡਿਆ: ਨਿਤਿਨ ਗਡਕਰੀ![]()
ਮੁੰਬਈ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ’ਚ ਵੱਡੇ ਪੱਧਰ ’ਤੇ ਨਕਸਲਵਾਦ ’ਚ ਗਿਰਾਵਟ ਦਾ ਦਾਅਵਾ ਕਰਦਿਆਂ ਕਿਹਾ ਕਿ ਕਰੀਬ 5 ਹਜ਼ਾਰ ਨੌਜਵਾਨ ਗ਼ੈਰਕਾਨੂੰਨੀ ਗਤੀਵਿਧੀਆਂ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ’ਚੋਂ ਕਈਆਂ ਨੂੰ ਰੁਜ਼ਗਾਰ ਵੀ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ’ਚ ਗੜ੍ਹਚਿਰੌਲੀ ਮਹਾਰਾਸ਼ਟਰ ’ਚ ਸਭ ਤੋਂ ਵਧ ਮਾਲੀਆ ਦੇਣ ਵਾਲਾ ਜ਼ਿਲ੍ਹਾ ਬਣ ਜਾਵੇਗਾ। ਉਨ੍ਹਾਂ ਸ਼ਿਰੜੀ ’ਚ ਭਾਜਪਾ ਦੀ ਸੂਬਾ ਪੱਧਰੀ ਕਾਨਫਰੰਸ ਦੌਰਾਨ ਕਿਹਾ ਕਿ ਹੁਣ ‘ਸੁਰਾਜ’ ਦੀ ਸਥਾਪਨਾ ਹੋਣੀ ਚਾਹੀਦੀ ਹੈ। ਉਨ੍ਹਾਂ ਬੇਰੁਜ਼ਗਾਰੀ, ਕੁਪੋਸ਼ਣ ਅਤੇ ਸਿੱਖਿਆ ਦੀ ਘਾਟ ਜਿਹੇ ਮੁੱਦਿਆਂ ਦੇ ਹੱਲ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਗਡਕਰੀ ਨੇ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਸ਼ਲਾਘਾ ਕਰਦਿਆਂ ਪਾਰਟੀ ਵਰਕਰਾਂ ਨੂੰ ਇਹ ਦੇਖਣ ਦੀ ਗੁਜ਼ਾਰਿਸ਼ ਕੀਤੀ। -ਪੀਟੀਆਈ