ਨਿਤੀਸ਼ ਨੂੰ ਵਰਤ ਕੇ ਆਪਣੀ ਸਰਕਾਰ ਬਣਾਉਣਾ ਭਾਜਪਾ ਦਾ ਏਜੰਡਾ: ਕਨ੍ਹੱਈਆ ਕੁਮਾਰ
ਕਾਂਗਰਸੀ ਆਗੂ ਨੇ ਬਿਹਾਰ ’ਚ ਐੱਨਡੀਏ ਦੀ ਚੰਗੀ ਸਥਿਤੀ ਹੋਣ ਦੀ ਗੱਲ ਨਕਾਰੀ
ਕਾਂਗਰਸੀ ਆਗੂ ਕਨ੍ਹੱਈਆ ਕੁਮਾਰ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਦਾ ਇਕਲੌਤਾ ਏਜੰਡਾ ਬਿਹਾਰ ਵਿਧਾਨ ਸਭਾ ਚੋਣਾਂ ਤੱਕ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵਰਤਣ ਅਤੇ ਬਾਅਦ ’ਚ ਉਨ੍ਹਾਂ ਨੂੰ ਪਾਸੇ ਕਰਕੇ ਆਪਣਾ ਮੁੱਖ ਮੰਤਰੀ ਬਣਾਉਣ ਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਬਿਹਾਰ ਦੇ ਲੋਕ ਅੱਜ ਵੀ ਭਾਜਪਾ ਨੂੰ ਸਿੱਧੀ ਸੱਤਾ ਨਹੀਂ ਦੇਣਾ ਚਾਹੁੰਦੇ, ਇਸ ਕਰਕੇ ਉਹ ‘ਪਿਛਲੇ ਰਸਤੇ’ ਤੋਂ ਸੱਤਾ ’ਚ ਆਉਣਾ ਚਾਹੁੰਦੀ ਹੈ।
ਕਨ੍ਹੱਂਈਆ ਨੇ ‘ਵੋਟਰ ਅਧਿਕਾਰ ਯਾਤਰਾ’ ਤੋਂ ਵੱਖਰੇ ਤੌਰ ’ਤੇ ਗੱਲਬਾਤ ਕਰਦਿਆਂ ਆਖਿਆ ਕਿ ਅਸੈਂਬਲੀ ਚੋਣਾਂ ਮਗਰੋਂ ਮਹਾਗੱਠਜੋੜ ਬਿਹਾਰ ’ਚ ਸਰਕਾਰ ਬਣਾ ਸਕਦਾ ਹੈ ਅਤੇ ਇਹ ਧਾਰਨਾ ਸਹੀ ਨਹੀਂ ਹੈ ਕਿ ਐੱਨਡੀਏ ਚੰਗੀ ਸਥਿਤੀ ਵਿੱਚ ਹੈ। ਕਨ੍ਹੱਈਆ ਨੇ ਆਖਿਆ, ‘‘ਅਮਿਤ ਸ਼ਾਹ ਨੇ ਪਹਿਲਾਂ ਕਿਹਾ ਸੀ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲਈ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਹਨ ਪਰ ਫਿਰ ਉਹ (ਸ਼ਾਹ) ਨਿਤੀਸ਼ ਕੁਮਾਰ ਨਾਲ ਰਲ ਗਏ। ਭਾਜਪਾ ਜਾਣਦੀ ਹੈ ਕਿ ਉਹ ਇਕੱਲੀ ਸਰਕਾਰ ਨਹੀਂ ਬਣਾ ਸਕਦੀ, ਇਸ ਕਰਕੇ ਨਿਤੀਸ਼ ਕੁਮਾਰ ਨੂੰ ਲੈ ਕੇ ਚੱਲ ਰਹੀ ਹੈ। ਭਾਜਪਾ ਦਾ ਇਕਲੌਤਾ ਏਜੰਡਾ ਬਿਹਾਰ ਅਸੈਂਬਲੀ ਚੋਣਾਂ ਤੱਕ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵਰਤਣ ਤੇ ਬਾਅਦ ’ਚ ਉਨ੍ਹਾਂ ਨੂੰ ਪਾਸੇ ਕਰਕੇ ਆਪਣਾ ਮੁੱਖ ਮੰਤਰੀ ਬਣਾਉਣਾ ਹੈ।’’
ਚੋਣ ਕਮਿਸ਼ਨ ’ਤੇ ਭਾਜਪਾ ਦੀ ਬੋਲੀ ਬੋਲਣ ਦਾ ਦੋਸ਼ ਲਾਇਆ
ਕਨ੍ਹੱਈਆ ਕੁਮਾਰ ਨੇ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਪੜਤਾਲ (ਐੱਸਆਈਆਰ) ਅਤੇ ਕਥਿਤ ‘ਵੋਟ ਚੋਰੀ’ ਦੇ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨ ’ਤੇ ਨਿਸ਼ਾਨਾ ਸੇਧਿਆ ਅਤੇ ਉਸ ’ਤੇ ਭਾਜਪਾ ਦੀ ਬੋਲੀ ਬੋਲਣ ਦਾ ਦੋਸ਼ ਲਾਇਆ। ਉਨ੍ਹਾਂ ਆਖਿਆ, ‘‘ਚੋਣ ਕਮਿਸ਼ਨ ਕਹਿੰਦਾ ਹੈ ਕਿ ਨਾ ਕੋਈ ‘ਪਕਸ਼’ (ਸੱਤਾ ਧਿਰ) ਅਤੇ ਨਾ ਕੋਈ ‘ਵਿਪਕਸ਼’ (ਵਿਰੋਧੀ ਧਿਰ) ਹੈ, ਸਭ ਬਰਾਬਰ ਹਨ ਜਦਕਿ ਚੋਣ ਕਮਿਸ਼ਨ ਨੂੰ ਨਿਰਪੱਖ ਹੋਣਾ ਚਾਹੀਦਾ ਹੈ।’’