ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਸਥਾਨਕ ਭਾਜਪਾ ਵਰਕਰਾਂ ਨੇ ਕਥਿਤ ਤੌਰ ’ਤੇ ਕਾਂਗਰਸੀ ਅਹੁਦੇਦਾਰ ਨੂੰ ਜਨਤਕ ਤੌਰ ’ਤੇ ਸਾੜ੍ਹੀ ਪਹਿਨਣ ਲਈ ਮਜਬੂਰ ਕੀਤਾ। ਸਥਾਨਕ ਭਾਜਪਾ ਅਹੁਦੇਦਾਰ ਨੇ ਮੰਗਲਵਾਰ ਨੂੰ ਇਸ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਕਾਂਗਰਸ ਅਹੁਦੇਦਾਰ ਮਾਮਾ ਉਰਫ਼ ਪ੍ਰਕਾਸ਼ ਪਗਾਰੇ (72) ਵੱਲੋਂ ਪ੍ਰਧਾਨ ਮੰਤਰੀ ਨੂੰ ‘ਬਦਨਾਮ’ ਕਰਨ ਦੀ ਕੋਸ਼ਿਸ਼ ਦਾ ਜਵਾਬ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।ਪਗਾਰੇ ਨੇ ਕਿਹਾ ਕਿ ਉਹ ਇਸ ਕਾਰਵਾਈ ਵਿੱਚ ਸ਼ਾਮਲ ਭਾਜਪਾ ਅਹੁਦੇਦਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਸਥਾਨਕ ਕਾਂਗਰਸੀ ਅਹੁਦੇਦਾਰ ਨੇ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਦੀ ਤਸਵੀਰ ਨਾਲ ਛੇੜਛਾੜ ਕੀਤੀ ਸੀ। ਕਲਿਆਣ ਇਕਾਈ ਦੇ ਭਾਜਪਾ ਪ੍ਰਧਾਨ ਨੰਦੂ ਪਰਬ ਅਤੇ ਹੋਰ ਪਾਰਟੀ ਵਰਕਰਾਂ ਨੇ ਮੰਗਲਵਾਰ ਸਵੇਰੇ ਡੋਮੀਵਲੀ ਖੇਤਰ ਦੇ ਮਾਨਪਾੜਾ ਰੋਡ ’ਤੇ ਪਗਾਰੇ ਨੂੰ ਰੋਕਿਆ ਤੇ ਜਬਰੀ ਸਾੜ੍ਹੀ ਪਹਿਨਾ ਦਿੱਤੀ।ਪਰਬ ਨੇ ਕਿਹਾ ਕਿ ਇਹ ਪਗਾਰੇ ਵੱਲੋਂ ਪ੍ਰਧਾਨ ਮੰਤਰੀ ਨੂੰ ‘ਬਦਨਾਮ’ ਕਰਨ ਦੀ ਕੋਸ਼ਿਸ਼ ਦਾ ਜਵਾਬ ਸੀ। ਪਰਬ ਨੇ ਕਿਹਾ, ‘ਅਸੀਂ ਮਾਮਾ ਪਗਾਰੇ ਨੂੰ ਸੜਕ ’ਤੇ ਸਾਲੂ (ਮਹਿੰਗੀ ਸਾੜ੍ਹੀ) ਪਹਿਨਾਇਆ।’ ਮਗਰੋਂ ਪਗਾਰੇ ਨੇ ਦੋਸ਼ ਲਗਾਇਆ ਕਿ ਭਾਜਪਾ ਵਰਕਰਾਂ ਨੇ ਟਕਰਾਅ ਦੌਰਾਨ ਜਾਤੀ ਸੂਚਕ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਨੂੰ ਥੱਪੜ ਵੀ ਮਾਰਿਆ।ਕਾਂਗਰਸ ਦੇ ਅਹੁਦੇਦਾਰ ਨੇ ਕਿਹਾ ਕਿ ਉਹ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਰੋਕਥਾਮ) ਐਕਟ ਤਹਿਤ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਲਈ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ‘ਭੀੜ ਦੀ ਮਾਨਸਿਕਤਾ’ ਅਤੇ ਉਨ੍ਹਾਂ ਦੀ ਨਿੱਜੀ ਆਜ਼ਾਦੀ ’ਤੇ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਕਲਿਆਣ ਇਕਾਈ ਦੇ ਕਾਂਗਰਸ ਪ੍ਰਧਾਨ ਸਚਿਨ ਪੋਟੇ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਵਰਕਰਾਂ ਦੀ ਕਾਰਵਾਈ ‘ਪੂਰੀ ਮਹਿਲਾ ਵਰਗ ਦਾ ਅਪਮਾਨ’ ਹੈ ਅਤੇ ਸੀਨੀਅਰ ਆਗੂ ’ਤੇ ਅਸੱਭਿਅਕ ਹਮਲਾ ਹੈ। ਪੋਟੇ ਨੇ ਇਸ ਕਾਰਵਾਈ ਵਿੱਚ ਸ਼ਾਮਲ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।