ਭਾਜਪਾ ਦੇ ਕੌਮੀ ਪ੍ਰਧਾਨ ਦੀ ਚੋਣ ਜਲਦ: ਯਾਦਵ, ਚੌਹਾਨ, ਖੱਟਰ ਦਾਅਵੇਦਾਰਾਂ ’ਚ
ਆਦਿਤੀ ਟੰਡਨ
ਨਵੀਂ ਦਿੱਲੀ, 1 ਜੁਲਾਈ
ਭਾਜਪਾ ਦੇ ਕੌਮੀ ਪ੍ਰਧਾਨ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਚੋਣ ਲਈ ਤਿਆਰੀ ਮੁਕੰਮਲ ਹੈ ਕਿਉਂਕਿ ਪਾਰਟੀ ਨੇ ਅੱਜ ਇਸ ਉੱਚ ਪੱਧਰੀ ਨਿਯੁਕਤੀ ਲਈ ਆਪਣੇ ਸੰਵਿਧਾਨ ਤਹਿਤ ਲੋੜੀਂਦੀਆਂ ਅੰਦਰੂਨੀ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਹਨ। ਇਹ ਅਹੁਦੇ ਲਈ ਦਾਅਵੇਦਾਰਾਂ ਵਿੱਚ ਭੁਪੇਂਦਰ ਯਾਦਵ, ਮਨੋਹਰ ਲਾਲ ਖੱਟਰ ਤੇ ਸ਼ਿਵਰਾਜ ਸਿੰਘ ਚੌਹਾਨ ਸ਼ਾਮਲ ਹਨ।
ਭਾਜਪਾ ਦੀਆਂ 37 ਜਥੇਬੰਦਕ ਇਕਾਈਆਂ ਵਿੱਚੋਂ ਤਕਰੀਬਨ 20 ਦੇ ਨਵੇਂ ਮੁਖੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਸੱਤ ਰਾਜਾਂ ਲਈ ਅੰਦਰੂਨੀ ਚੋਣਾਂ ਬੀਤੇ ਦਿਨ ਤੇ ਅੱਜ ਕਰਵਾਈਆਂ ਗਈਆਂ ਹਨ ਅਤੇ 13 ਇਕਾਈਆਂ ਲਈ ਚੋਣਾਂ ਪਹਿਲਾਂ ਹੀ ਮੁਕੰਮਲ ਹੋ ਚੁੱਕੀਆਂ ਹਨ। ਇਹ ਅੰਦਰੂਨੀ ਚੋਣ ਮੁਹਿੰਮ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਕੌਮੀ ਪ੍ਰਧਾਨ ਦੀ ਚੋਣ ਜਲਦੀ ਤੋਂ ਜਲਦੀ ਕਰਵਾਉਣਾ ਚਾਹੁੰਦੀ ਹੈ। ਇਸ ਵੱਕਾਰੀ ਅਹੁਦੇ ਲਈ ਮੁੱਖ ਦਾਅਵੇਦਾਰਾਂ ਵਿੱਚ ਕੇਂਦਰੀ ਵਾਤਾਵਰਣ ਤੇ ਜੰਗਲੀ ਜੀਵ ਮੰਤਰੀ ਭੁਪੇਂਦਰ ਯਾਦਵ (56), ਕੇਂਦਰੀ ਸ਼ਹਿਰੀ ਮਾਮਲੇ ਤੇ ਊਰਜਾ ਮੰਤਰੀ ਐੱਮਐੱਲ ਖੱਟਰ (71) ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ (66) ਸ਼ਾਮਲ ਹਨ। ਪਤਾ ਲੱਗਾ ਹੈ ਕਿ ਮੌਜੂਦਾ ਪਾਰਟੀ ਪ੍ਰਧਾਨ ਜੇਪੀ ਨੱਢਾ ਦੀ ਥਾਂ ਨਵੇਂ ਆਗੂ ਦੀ ਨਿਯੁਕਤੀ ਲਈ ਆਰਐੱਸਐੱਸ ਅਤੇ ਭਾਜਪਾ ਵਿਚਕਾਰ ਸਮਝੌਤਾ ਹੋ ਗਿਆ ਹੈ।
ਸੰਘ ਦੇ ਸੂਤਰਾਂ ਨੇ ਦੱਸਿਆ ਕਿ ਇਸ ਵਾਰ ਆਰਐੱਸਐੱਸ ਨੇ ਅਜਿਹੇ ਉਮੀਦਵਾਰ ’ਤੇ ਜ਼ੋਰ ਦਿੱਤਾ ਹੈ ਜੋ ਭਗਵਾ ਸੰਗਠਨ ਨਾਲ ਜੁੜਿਆ ਹੋਵੇ ਅਤੇ ਭਗਵਾ ਵਿਚਾਰਧਾਰਾ ਨੂੰ ਸਮਝਦਾ ਹੋਵੇ। ਆਰਐੱਸਐੱਸ ਦੇ ਅੰਦਰੂਨੀ ਸੂਤਰ ਨੇ ਕਿਹਾ, ‘‘ਇਹ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜਿਸ ਨੂੰ ਆਰਐੱਸਐੱਸ ਅਤੇ ਭਾਜਪਾ ਦੋਵਾਂ ਦੀ ਡੂੰਘੀ ਸਮਝ ਹੋਵੇ ਅਤੇ ਜੋ ਭਗਵਾ ਭਾਈਚਾਰੇ ਦੇ ਵੱਡੇ ਹਿੱਤ ਵਿੱਚ ਆਜ਼ਾਦ ਤੌਰ ’ਤੇ ਕੰਮ ਕਰ ਸਕੇ।’’
ਭੂਪੇਂਦਰ ਯਾਦਵ ਇਸ ਅਹੁਦੇ ਲਈ ਸਭ ਤੋਂ ਢੁੱਕਵੇਂ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਆਰਐੱਸਐੱਸ ਦੇ ਵਿਦਿਆਰਥੀ ਵਿੰਗ ਏਬੀਵੀਪੀ ਤੋਂ ਹੋਈ ਹੈ ਅਤੇ ਉਨ੍ਹਾਂ ਕਈ ਸਾਲ ਆਰਐੱਸਐੱਸ ਦੇ ਕਾਨੂੰਨੀ ਵਿੰਗ ਅਧਿਵਕਤਾ ਪਰਿਸ਼ਦ ਵਿੱਚ ਕੰਮ ਕੀਤਾ ਹੈ।
ਘਟਨਾਕ੍ਰਮ ’ਤੇ ਨਜ਼ਰ ਰੱਖਣ ਵਾਲੇ ਸੂਤਰ ਨੇ ਕਿਹਾ, ‘‘ਭੁਪੇਂਦਰ ਯਾਦਵ ਦੀ ਕਾਫ਼ੀ ਉਮਰ ਹੈ, ਉਹ ਮੰਤਰੀ ਹਨ। ਉਹ ਆਰਐੱਸਐੱਸ ਅਤੇ ਭਾਜਪਾ ਦੋਵਾਂ ਵਿੱਚ ਵਿਸ਼ਾਲ ਜਥੇਬੰਦਕ ਤਜਰਬਾ ਰੱਖਦੇ ਹਨ ਅਤੇ ਉਹ ਦੋਵਾਂ ਸੱਤਾ ਸਮੂਹਾਂ- ਆਰਐੱਸਐੱਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਅਮਿਤ ਸ਼ਾਹ ਦੇ ਨਜ਼ਦੀਕੀ ਹਨ।’’ ਖੱਟਰ ਅਤੇ ਚੌਹਾਨ ਦੇ ਨਾਮ ਵੀ ਸੰਭਾਵੀ ਉਮੀਦਵਾਰਾਂ ਵਿੱਚ ਸ਼ਾਮਲ ਹਨ। ਹਾਲਾਂਕਿ, ਸੂਤਰਾਂ ਨੇ ਕਿਹਾ ਕਿ ਆਮ ਸਹਿਮਤੀ ਯਾਦਵ ਦੇ ਹੱਕ ਵਿੱਚ ਹੋ ਸਕਦੀ ਹੈ।
ਭੁਪੇਂਦਰ ਯਾਦਵ 2020 ਦੀਆਂ ਬਿਹਾਰ ਅਸੈਂਬਲੀ ਚੋਣਾਂ ਤੇ ਗਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ, 2023 ’ਚ ਮੱਧ ਪ੍ਰਦੇਸ਼ ਵਿਧਾਨ ਸਭਾ ਤੇ 2024 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਇੰਚਾਰਜ ਸਨ। ਯਾਦਵ ਦੀ ਅਗਵਾਈ ਹੇਠ ਭਾਜਪਾ ਨੇ ਹਰ ਜਗ੍ਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਕੁਝ ਹਲਕਿਆਂ ਦਾ ਕਹਿਣਾ ਹੈ ਕਿ ਕਿਸੇ ਵੀ ਹੈਰਾਨੀਜਨਕ ਉਮੀਦਵਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਦੌਰਾਨ ਰਾਜੀਵ ਬਿੰਦਲ ਨੂੰ ਹਿਮਾਚਲ ਪ੍ਰਦੇਸ਼ ਦਾ, ਵੀਪੀ ਰਾਮਾਲਿੰਗਮ ਨੂੰ ਪੁੱਡੂਚੇਰੀ, ਕੇ. ਬੇਈਛੂਆ ਨੂੰ ਮਿਜ਼ੋਰਮ, ਮਹਾਰਾਸ਼ਟਰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਤੇ ਚਾਰ ਵਾਰ ਦੇ ਵਿਧਾਇਕ ਰਵਿੰਦਰ ਚਵਾਨ ਨੂੰ ਮਹਾਰਾਸ਼ਟਰ ਦਾ, ਰਾਜ ਸਭਾ ਮੈਂਬਰ ਮਹੇਂਦਰ ਭੱਟ ਨੂੰ ਉੱਤਰਾਖੰਡ, ਰਾਮਚੰਦਰ ਰਾਓ ਨੂੰ ਤਿਲੰਗਾਨਾ ਦਾ ਜਦਕਿ ਪੀਵੀਐੱਨ ਮਾਧਵ ਨੂੰ ਆਂਧਰਾ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਚੁਣਿਆ ਗਿਆ। ਇਨ੍ਹਾਂ ਸਾਰੇ ਸੂਬਿਆਂ ਦੇ ਪ੍ਰਧਾਨ ਸਰਵਸੰਮਤੀ ਨਾਲ ਚੁਣੇ ਗਏ।
ਦੱਸਣਯੋਗ ਹੈ ਕਿ ਜੇਪੀ ਨੱਢਾ ਜਨਵਰੀ 2020 ਵਿੱਚ ਨਿਰਵਿਰੋਧ ਭਾਜਪਾ ਪ੍ਰਧਾਨ ਚੁਣੇ ਗਏ ਸਨ ਤੇ ਉਨ੍ਹਾਂ ਦਾ ਕਾਰਜਕਾਲ 2023 ’ਚ ਖਤਮ ਹੋਣਾ ਸੀ। ਹਾਲਾਂਕਿ ਉਨ੍ਹਾਂ ਨੂੰ ਵਾਧਾ ਦੇ ਦਿੱਤਾ ਗਿਆ ਸੀ ਤੇ ਉਹ ਹਾਲੇ ਵੀ ਇਸ ਅਹੁਦੇ ’ਤੇ ਹਨ। ਮੌਜੂਦਾ ਸਮੇਂ ਇਕੱਲੇ ਨੱਢਾ ਹੀ ਇਕਲੌਤੇ ਅਜਿਹੇ ਭਾਜਪਾ ਆਗੂ ਹਨ ਜੋ ਭਾਜਪਾ ਪ੍ਰਧਾਨ, ਰਾਜ ਸਭਾ ਵਿੱਚ ਸਦਨ ਦੇ ਨੇਤਾ ਅਤੇ ਕੇਂਦਰੀ ਸਿਹਤ ਅਤੇ ਖਾਦ ਮੰਤਰੀ ਵਜੋਂ ਤਿੰਨ ਉੱਚ ਅਹੁਦਿਆਂ ’ਤੇ ਹਨ।