ਬੀਜੂ ਜਨਤਾ ਦਲ (ਬੀ ਜੇ ਡੀ) ਦੇ ਪ੍ਰਧਾਨ ਨਵੀਨ ਪਟਨਾਇਕ ਨੇ ਸੂਬੇ ਵਿੱਚ ਸੱਤਾਧਾਰੀ ਭਾਜਪਾ ’ਤੇ ਅੱਜ ‘ਵਿਸ਼ਵਾਸਘਾਤ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਹੁਣ ਨੁਆਪਾੜਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ‘ਉਮੀਦਵਾਰ ਚੋਰੀ’ ਕਰ ਰਹੀ ਹੈ। ਬਿਮਾਰੀ ਤੋਂ ਠੀਕ ਹੋਣ ਮਗਰੋਂ ਪਹਿਲੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਪਟਨਾਇਕ ਨੇ ਨੁਆਪਾੜਾ ਦੇ ਕੋਮਨਾ ਬਲਾਕ ਵਿੱਚ ਬੀ ਜੇ ਡੀ ਉਮੀਦਵਾਰ ਸਨੇਹਨਿਨੀ ਛੂਰੀਆ ਦੇ ਹੱਕ ਵਿੱਚ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦੋਸ਼ ਲਾਇਆ, ‘‘ਤੁਸੀਂ ਸਾਰੇ ਜਾਣਦੇ ਹੋ ਕਿ ਬੀ ਜੇ ਡੀ ਨਾਲ ਵਿਸ਼ਵਾਸਘਾਤ ਹੋਇਆ ਹੈ। ਜਿਹੜੇ ਲੋਕ ਪਹਿਲਾਂ ‘ਵੋਟ ਚੋਰੀ’ ਵਿੱਚ ਸ਼ਾਮਲ ਸਨ ਤੇ ਸਰਕਾਰ ਬਣਾ ਚੁੱਕੇ ਹਨ, ਉਨ੍ਹਾਂ ਨੇ ਹੁਣ ‘ਉਮੀਦਵਾਰ ਚੋਰੀ’ ਸ਼ੁਰੂ ਕਰ ਦਿੱਤੀ ਹੈ।’’
ਸਾਬਕਾ ਮੁੱਖ ਮੰਤਰੀ ਦਾ ਇਸ਼ਾਰਾ ਸਿੱਧੇ ਤੌਰ ’ਤੇ ਬੀ ਜੇ ਡੀ ਦੇ ਮਰਹੂਮ ਵਿਧਾਇਕ ਰਾਜੇਂਦਰ ਢੋਲਕੀਆ ਦੇ ਪੁੱਤਰ ਜੈ ਢੋਲਕੀਆ ਵੱਲ ਸੀ ਜੋ ਜ਼ਿਮਨੀ ਚੋਣ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਹੁਣ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਰਾਜੇਂਦਰ ਢੋਲਕੀਆ ਦਾ 8 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ ਜਿਸ ਮਗਰੋਂ ਇਹ ਜ਼ਿਮਨੀ ਚੋਣ ਕਰਵਾਉਣੀ ਜ਼ਰੂਰੀ ਹੋ ਗਈ ਹੈ। ਇਸ ਸੀਟ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ। ‘ਵੋਟ ਚੋਰੀ ਤੇ ਉਮੀਦਵਾਰ ਚੋਰੀ’ ਵਿੱਚ ਸ਼ਾਮਲ ਲੋਕਾਂ ਨੂੰ ਕਰਾਰਾ ਜਵਾਬ ਦੇਣ ਦਾ ਸੱਦਾ ਦਿੰਦਿਆਂ ਸ੍ਰੀ ਪਟਨਾਇਕ ਨੇ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਸ਼ੰਖ (ਬੀ ਜੇ ਡੀ ਦਾ ਚੋਣ ਨਿਸ਼ਾਨ) ਦਾ ਬਟਨ ਦਬਾਉਣ ਦੀ ਅਪੀਲ ਕੀਤੀ।
ਸ੍ਰੀ ਪਟਨਾਇਕ ਨੇ ਆਪਣੇ ਦਸ ਮਿੰਟ ਦੇ ਭਾਸ਼ਣ ਦੌਰਾਨ ਉੜੀਸਾ ਵਿੱਚ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਾਇਆ, ‘‘ਪਿਛਲੇ 16 ਮਹੀਨਿਆਂ ਵਿੱਚ ਭਾਜਪਾ ਸਰਕਾਰ ਨੇ ਵਿਕਾਸ ’ਤੇ ਨਹੀਂ, ਸਿਰਫ਼ ਪ੍ਰਚਾਰ ’ਤੇ ਧਿਆਨ ਕੇਂਦਰਿਤ ਕੀਤਾ। ਉਹ ਪ੍ਰਚਾਰ ਵਿੱਚ ਤਾਂ ‘ਹੀਰੋ’ ਹਨ, ਪਰ ਕੰਮ ਵਿੱਚ ‘ਜ਼ੀਰੋ’। ਪੂਰੇ ਸੂਬੇ ਵਿੱਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹਨ।’’

