DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਨੇ ਸੁਨੀਲ ਜਾਖੜ ਨੂੰ ਸੌਂਪੀ ਪੰਜਾਬ ਦੀ ਕਮਾਨ

ਭਗਵਾਂ ਪਾਰਟੀ ਨੇ ਪਹਿਲੀ ਵਾਰ ‘ਗੈਰ-ਸੰਘੀ’ ਨੂੰ ਸੂਬਾ ਪ੍ਰਧਾਨ ਬਣਾਇਆ
  • fb
  • twitter
  • whatsapp
  • whatsapp
featured-img featured-img
ਡੀ. ਪੂਰਨਦੇਸਵਰੀ, ਸੁਨੀਲ ਜਾਖਡ਼, ਜੀ. ਕਿਸ਼ਨਰੈੱਡੀ ਬਾਬੂ ਲਾਲ ਮਰਾਂਡੀ
Advertisement

ਦਵਿੰਦਰ ਪਾਲ

ਚੰਡੀਗੜ੍ਹ, 4 ਜੁਲਾਈ

Advertisement

ਭਾਰਤੀ ਜਨਤਾ ਪਾਰਟੀ ਨੇ ਸਾਬਕਾ ਕਾਂਗਰਸੀ ਆਗੂ ਸੁਨੀਲ ਕੁਮਾਰ ਜਾਖੜ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਅਸ਼ਵਨੀ ਸ਼ਰਮਾ ਨੂੰ ਇਸ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਸ ਨਿਯੁਕਤੀ ਨਾਲ ਭਾਜਪਾ ਨੇ ਆਪਣੀ ਦਹਾਕਿਆਂ ਪੁਰਾਣੀ ਰਵਾਇਤ ਨੂੰ ਤੋੜਦਿਆਂ ਜਨ ਸੰਘ ਦੇ ਪਿਛੋਕੜ ਨੂੰ ਤਿਲਾਂਜਲੀ ਦੇ ਦਿੱਤੀ ਹੈ। ਪਾਰਟੀ ਦੇ ਸੂਬਾਈ ਯੂਨਿਟ ਵਿੱਚ ਟਕਸਾਲੀ ਭਾਜਪਾਈਆਂ ਦੇ ਇੱਕ ਧੜੇ ਵੱਲੋਂ ਜਾਖੜ ਦੀ ਨਿਯੁਕਤੀ ਦਾ ਵਿਰੋਧ ਕਰਦਿਆਂ ਜਨ ਸੰਘ ਦੇ ਪਿਛੋਕੜ ਵਾਲੇ ਆਗੂ ਨੂੰ ਸੂਬੇ ਦੀ ਪ੍ਰਧਾਨਗੀ ਸੌਂਪਣ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਹੋਰ ਆਗੂ ਕਾਂਗਰਸ ਛੱਡ ਕੇ ਭਗਵਾਂ ਰੰਗ ’ਚ ਰੰਗੇ ਆਗੂਆਂ ਨੂੰ ਪਾਰਟੀ ਦੀ ਕਮਾਨ ਸੌਂਪ ਕੇ ਸੰਸਦੀ ਚੋਣਾਂ ਦੌਰਾਨ ਨਵਾਂ ਤਜਰਬਾ ਕਰਨ ਦੇ ਪੱਖ ਵਿੱਚ ਸਨ। ਪਾਰਟੀ ਵੱਲੋਂ ਇਸੇ ਅਾਧਾਰ ਨੂੰ ਮੁੱਖ ਰਖਦਿਆਂ ਇਹ ਨਿਯੁਕਤੀ ਕੀਤੀ ਗਈ ਹੈ। ਭਾਜਪਾ ਦੇ ਸੀਨੀਅਰ ਆਗੂ ਮੁਤਾਬਕ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਨੂੰ ਸੂਬਾਈ ਅਹੁਦੇਦਾਰਾਂ ਦੀ ਟੀਮ ਵਿੱਚ ਨਵੀਆਂ ਨਿਯੁਕਤੀਆਂ ਕਰਨ ਦੇ ਅਧਿਕਾਰ ਵੀ ਦਿੱਤੇ ਗਏ ਹਨ। ਇਸ ਤਰ੍ਹਾਂ ਨਾਲ ਸੂਬਾ ਅਹੁਦੇਦਾਰਾਂ ਵਿੱਚ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਛੱਡ ਕੇ ਦਲ ਬਦਲੀ ਕਰਨ ਵਾਲੇ ਸਿਆਸੀ ਆਗੂਆਂ ਨੂੰ ਅਹੁਦੇ ਮਿਲਣ ਦੀ ਸੰਭਾਵਨਾ ਹੈ। ਭਾਜਪਾ ਹਾਈ ਕਮਾਂਡ ਨੇ ਸੂਬਾਈ ਲੀਡਰਸ਼ਿਪ ਨੂੰ ਵੀ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਵਿੱਚੋਂ ਦਲ ਬਦਲੀ ਕਰਨ ਵਾਲੇ ਆਗੂਆਂ ਨੂੰ ਅਹਿਮ ਅਹੁਦੇ ਦਿੱਤੇ ਜਾ ਸਕਦੇ ਹਨ। ਭਾਜਪਾ ਨੇ ਇਸ ਨਿਯੁਕਤੀ ਦੇ ਸੰਕੇਤ ਕੁਝ ਦਿਨ ਪਹਿਲਾਂ ਹੀ ਦੇ ਦਿੱਤੇ ਸਨ। ਭਾਜਪਾ ਆਗੂਆਂ ਦਾ ਦੱਸਣਾ ਹੈ ਕਿ ਪਾਰਟੀ ਅੰਦਰ ਸੂਬਾ ਪ੍ਰਧਾਨ ਨੂੰ ਬਦਲਣ ਦੇ ਮੁੱਦੇ ’ਤੇ ਚਰਚਾ ਤਾਂ ਕਈ ਮਹੀਨਿਆਂ ਤੋਂ ਚੱਲ ਰਹੀ ਹੈ, ਪਰ ਹਾਲ ਹੀ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ’ਚ ਭਾਜਪਾ ਦੀ ਮੌਜੂਦਾ ਸੂਬਾਈ ਲੀਡਰਸ਼ਿਪ ਪ੍ਰਭਾਵਸ਼ਾਲੀ ਇਕੱਠ ਕਰਨ ਵਿੱਚ ਨਾਕਾਮ ਰਹੀ ਸੀ। ਹਾਈ ਕਮਾਨ ਨੇ ਉਦੋਂ ਹੀ ਪੰਜਾਬ ਦੀ ਲੀਡਰਸ਼ਿਪ ਵਿੱਚ ਤੁਰੰਤ ਤਬਦੀਲੀ ਕਰਨ ਦਾ ਫੈਸਲਾ ਲਿਆ ਸੀ। ਸੂਤਰਾਂ ਦਾ ਦੱਸਣਾ ਹੈ ਕਿ ਪ੍ਰਧਾਨ ਦੀ ਨਿਯੁਕਤੀ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਗਿਆ ਹੈ। ਪਾਰਟੀ ਹਾਈ ਕਮਾਨ ਵੱਲੋਂ ਪੰਜਾਬ ਦੇ ਸਿਆਸੀ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਕੇਂਦਰੀ ਮੰਤਰੀਆਂ ਨੇ ਪੰਜਾਬ ਲੀਡਰਸ਼ਿਪ ਦੀ ਵਾਗਡੋਰ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਕੱਦਾਵਰ ਆਗੂ ਨੂੰ ਸੌਂਪਣ ਦੀ ਵਕਾਲਤ ਕੀਤੀ ਹੈ ਤਾਂ ਜੋ ਇਸ ਸਰਹੱਦੀ ਸੂਬੇ ਵਿੱਚ ਦਲ-ਬਦਲੀ ਨੂੰ ਵੱਡਾ ਹੁਲਾਰਾ ਦਿੱਤਾ ਜਾਵੇ।

ਸੁਨੀਲ ਜਾਖੜ ਦਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਰਿਹਾ ਹੈ। ਸ੍ਰੀ ਜਾਖੜ ਸਾਲ 2017 ਤੋਂ 2021 ਦੇ ਅੱਧ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਵੀ ਰਹੇ। ਉਨ੍ਹਾਂ ਦੇ ਪਿਤਾ ਚੌਧਰੀ ਬਲਰਾਮ ਜਾਖੜ ਲੋਕ ਸਭਾ ਦੇ ਸਪੀਕਰ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹੇ ਹਨ ਤੇ ਉਨ੍ਹਾਂ ਦਾ ਇੱਕ ਭਤੀਜਾ ਇਸ ਸਮੇਂ ਅਬੋਹਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦਾ ਵਿਧਾਇਕ ਹੈ।

ਦਲ ਬਦਲੂ ਖ਼ੁਸ਼, ਟਕਸਾਲੀ ਭਾਜਪਾਈ ਨਿਰਾਸ਼

ਭਾਜਪਾ ਵੱਲੋਂ ਪੰਜਾਬ ਵਿੱਚ ਪਹਿਲੀ ਵਾਰੀ ਕਾਂਗਰਸ ਦੇ ਕਿਸੇ ਸਾਬਕਾ ਆਗੂ ਨੂੰ ਪਾਰਟੀ ’ਚ ਵੱਡਾ ਅਹੁਦਾ ਦਿੱਤਾ ਗਿਆ ਹੈ। ਭਾਜਪਾ ਵਿੱਚ ਟਕਸਾਲੀ ਆਗੂਆਂ ਅਤੇ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਆਉਣ ਵਾਲੇ ਆਗੂਆਂ ਦਰਮਿਆਨ ਪਹਿਲਾਂ ਅੰਦਰਖਾਤੇ ਲੜਾਈ ਚੱਲ ਰਹੀ ਸੀ ਤੇ ਇਹ ਲੜਾਈ ਵਧਣ ਦੇ ਆਸਾਰ ਹਨ ਕਿਉਂਕਿ ਭਾਜਪਾ ਅੰਦਰਲੇ ਦਲ ਬਦਲੂਆਂ ’ਚ ਜਿੱਥੇ ਖੁਸ਼ੀ ਦਾ ਮਾਹੌਲ ਹੈ, ਉਥੇ ਟਕਸਾਲੀ ਭਾਜਪਾਈਆਂ ਵਿੱਚ ਨਿਰਾਸ਼ਾ ਛਾਈ ਹੋਈ ਹੈ।

ਰੈੱਡੀ ਨੂੰ ਤਿਲੰਗਾਨਾ ਤੇ ਮਰਾਂਡੀ ਨੂੰ ਝਾਰਖੰਡ ਦਾ ਪ੍ਰਧਾਨ ਥਾਪਿਆ

ਨਵੀਂ ਦਿੱਲੀ: ਭਾਜਪਾ ਨੇ ਅਾਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਹਿਮ ਜਥੇਬੰਦਕ ਫੇਰਬਦਲ ਤਹਿਤ ਕੇਂਦਰੀ ਮੰਤਰੀ ਜੀ.ਕਿਸ਼ਨ ਰੈੱਡੀ ਤੇ ਬਾਬੂ ਲਾਲ ਮਰਾਂਡੀ ਨੂੰ ਕ੍ਰਮਵਾਰ ਤਿਲੰਗਾਨਾ ਤੇ ਝਾਰਖੰਡ ਦਾ ਪ੍ਰਧਾਨ ਨਿਯੁੁਕਤ ਕੀਤਾ ਹੈ। ਉਂਜ ਇਸ ਫੇਰਬਦਲ ਨਾਲ ਕੇਂਦਰੀ ਕੈਬਨਿਟ ਵਿੱਚ ਫੇਰਬਦਲ ਦੇ ਕਿਆਸਾਂ ਨੇ ਜ਼ੋਰ ਫੜ ਲਿਆ ਹੈ। ਪਾਰਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਡੀ.ਪੂਰਨਦੇਸਵਰੀ ਆਂਧਰਾ ਪ੍ਰਦੇਸ਼ ਇਕਾਈ ਦੇ ਨਵੇਂ ਪ੍ਰਧਾਨ ਹੋਣਗੇ। ਇਸੇ ਤਰ੍ਹਾਂ ਓਬੀਸੀ ਆਗੂ ਈਟੇਲਾ ਰਾਜੇਂਦਰ ਨੂੰ ਤਿਲੰਗਾਨਾ ਵਿੱਚ ਚੋਣ ਪ੍ਰਬੰਧਨ ਕਮੇਟੀ ਦਾ ਚੇਅਰਪਰਸਨ ਥਾਪਿਆ ਗਿਆ ਹੈ। ਸੂਤਰਾਂ ਮੁਤਾਬਕ ਤਿਲੰਗਾਨਾ ਭਾਜਪਾ ਪ੍ਰਧਾਨ ਦਾ ਅਹੁਦਾ ਛੱਡ ਰਹੇ ਬਾਂਦੀ ਸੰਜੈ ਕੁਮਾਰ ਨੂੰ ਕੇਂਦਰੀ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਦੇ ਆਸਾਰ ਹਨ। -ਪੀਟੀਆਈ

Advertisement
×