ਗੋਆ ਦੇ ਆਪਣੇ ਤਿੰਨ ਦਿਨਾਂ ਦੌਰੇ ਤੋਂ ਪਹਿਲਾਂ X (ਪਹਿਲਾਂ ਟਵਿੱਟਰ) ’ਤੇ ਇੱਕ ਪੋਸਟ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਭਾਜਪਾ ਸਰਕਾਰ ’ਤੇ ਗੈਰ-ਕਾਨੂੰਨੀ ਉਸਾਰੀ, ਅਣਅਧਿਕਾਰਤ ਲੋਹੇ ਦੀ ਖਾਣਾਂ ਦੀ ਖੁਦਾਈ ਕਰਨ, ਵਾਰ-ਵਾਰ ਬਿਜਲੀ ਕੱਟਾਂ, ਬੇਰੁਜ਼ਗਾਰੀ ਵਧਾਉਣ ਅਤੇ ਸੂਬੇ ਲਈ ਆਮਦਨ ਦੇ ਮੁੱਖ ਸਰੋਤ ਸੈਰ-ਸਪਾਟੇ ਵਿੱਚ ਗਿਰਾਵਟ ਲਿਆਉਣ ਦਾ ਦੋਸ਼ ਲਾਇਆ।
ਕੇਜਰੀਵਾਲ ਨੇ ਦਾਅਵਾ ਕੀਤਾ, ‘ਗੋਆ ਵਿੱਚ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਉਸਾਰੀ ਤੇ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ, ਬੇਹਿਸਾਬ ਭ੍ਰਿਸ਼ਟਾਚਾਰ, ਹਿੰਸਾ, ਸੂਬੇ ਵੱਲੋਂ ਸਪਾਂਸਰ ਕੀਤਾ ਗਿਆ ਗੁੰਡਾਰਾਜ ਫੈਲਿਆ ਹੋਇਆ ਹੈ, ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ, ਅਪਰਾਧ ਦਰ, ਔਰਤਾਂ ਵਿਰੁੱਧ ਅਪਰਾਧ, ਬੇਰੁਜ਼ਗਾਰੀ ’ਚ ਵਾਧਾ ਹੋਇਆ ਹੈ ਅਤੇ ਸੂਬੇ ’ਚ ਸੈਰ-ਸਪਾਟੇ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ।’ ਸਾਬਕਾ ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਮੌਜੂਦਾ ਪ੍ਰਸ਼ਾਸਨ ਅਧੀਨ, ਇੱਕ ਆਮ ਗੋਆ ਵਾਸੀ ਲਗਾਤਾਰ ਡਰ ਦੇ ਮਾਹੌਲ ਵਿੱਚ ਜਿਊਂ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਹੜਾ ਵੀ ਸਰਕਾਰ ਵਿਰੁੱਧ ਬੋਲਣ ਦੀ ਹਿੰਮਤ ਕਰਦਾ ਹੈ, ਉਸ ਨੂੰ ਧਮਕਾਇਆ ਜਾਂਦਾ ਹੈ ਜਾਂ ਹਮਲਾ ਕੀਤਾ ਜਾਂਦਾ ਹੈ। ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ’ ਦੇ ਆਗੂ ਅਤੇ ਵਾਲੰਟੀਅਰ ‘ਭਾਜਪਾ-ਕਾਂਗਰਸ ਗਠਜੋੜ ਦੇ ਗੁੰਡਾਰਾਜ’ ਵਿਰੁੱਧ ਗੋਆ ਵਾਸੀਆਂ ਵੱਲੋਂ ਹਿੰਮਤ ਨਾਲ ਆਪਣੀ ਆਵਾਜ਼ ਉਠਾ ਰਹੇ ਹਨ। ‘ਆਪ’ ਆਗੂ ਨੇ ਕਿਹਾ ਕਿ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਉਹ ਸੂਬੇ ਵਿੱਚ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕਰਨਗੇ, ਜਿੱਥੇ ਵਿਰੋਧੀ ਧਿਰ ਦੇ ਦੋ ਵਿਧਾਇਕ ਹਨ।