ਲੋਕਨੀਤੀ-ਸੀਐੱਸਡੀਐੱਸ ਸਹਿ-ਨਿਰਦੇਸ਼ਕ ਵੱਲੋਂ ਮੁਆਫ਼ੀ ਮੰਗਣ ਮਗਰੋਂ ਭਾਜਪਾ ਦਾ ਰਾਹੁਲ ’ਤੇ ਹਮਲਾ
ਭਾਜਪਾ ਆਈਟੀ ਵਿਭਾਗ ਦੇ ਇੰਚਾਰਜ ਅਮਿਤ ਮਾਲਵੀਆ ਨੇ ਲੋਕਨੀਤੀ-ਸੀਐੱਸਡੀਐੱਸ ਦੇ ਸਹਿ-ਨਿਰਦੇਸ਼ਕ ਸੰਜੈ ਕੁਮਾਰ ਵੱਲੋਂ ‘ਐਕਸ’ ’ਤੇ ਪੇਸ਼ ਅੰਕੜਿਆਂ ਵਿੱਚ ਤਰੁਟੀ ਲਈ ਮੁਆਫ਼ੀ ਮੰਗਣ ਮਗਰੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ‘ਵੋਟ ਚੋਰੀ’ ਦੇ ਦੋਸ਼ ਲਾਉਣ ਸਬੰਧੀ ਅੱਜ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਹੈ। ਮਾਲਵੀਆ ਨੇ ਦਾਅਵਾ ਕੀਤਾ ਕਿ ਰਾਹੁਲ ਨੇ ਲੋਕਨੀਤੀ-ਸੀਐੱਸਡੀਐੱਸ ਦੇ ਅੰਕੜਿਆਂ ਦੀ ਵਰਤੋਂ ਕੀਤੀ ਸੀ, ਜਿਸ ਨੇ ਹੁਣ ਮੰਨਿਆ ਹੈ ਕਿ ਡੇਟਾ ਪੜ੍ਹਦੇ ਸਮੇਂ ਗ਼ਲਤੀ ਹੋਈ ਹੈ। ਮਾਲਵੀਆ ਨੇ ‘ਐਕਸ’ ’ਤੇ ਲਿਖਿਆ, ‘‘ਉਹੀ ਸੰਸਥਾ ਜਿਸ ਦੇ ਡੇਟਾ ’ਤੇ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਵੋਟਰਾਂ ਨੂੰ ਬਦਨਾਮ ਕਰਨ ਲਈ ਭਰੋਸਾ ਕੀਤਾ ਸੀ, ਹੁਣ ਸਵੀਕਾਰ ਕਰ ਚੁੱਕੀ ਹੈ ਕਿ ਉਸਦੇ ਅੰਕੜੇ ਗ਼ਲਤ ਸਨ - ਨਾ ਸਿਰਫ਼ ਮਹਾਰਾਸ਼ਟਰ ਦੇ, ਸਗੋਂ ਐੱਸਆਈਆਰ ਦੇ ਵੀ। ਇਸ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਕਿੱਥੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ? ਜਿਸ ਨੇ ਬੇਸ਼ਰਮੀ ਨਾਲ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ ਅਤੇ ਅਸਲੀ ਵੋਟਰਾਂ ਨੂੰ ਨਕਲੀ ਦੱਸਣ ਤੱਕ ਗਏ? ਸ਼ਰਮਨਾਕ।’’ ਬਿਹਾਰ ਵਿਚ ਰਾਹੁਲ ਦੀ ‘ਵੋਟਰ ਅਧਿਕਾਰ ਯਾਤਰਾ’ ਨੂੰ ‘ਘੁਸਪੈਠੀਏ ਬਚਾਓ ਯਾਤਰਾ’ ਕਰਾਰ ਦਿੰਦਿਆਂ ਭਾਜਪਾ ਆਗੂ ਨੇ ਇਸ ਯਾਤਰਾ ਨੂੰ ਰੋਕਣ ਅਤੇ ਕਾਂਗਰਸ ਨੂੰ ਇਸ ਸਭ ਕਾਸੇ ਲਈ ਮੁਆਫ਼ੀ ਮੰਗਣ ਲਈ ਕਿਹਾ।