ਮੇਰੀ ਮਾਂ ਖ਼ਿਲਾਫ਼ ਬੋਲਣ ਵਾਲਿਆਂ ਨੂੰ ਬਿਹਾਰ ਵਾਸੀ ਮੁਆਫ਼ ਨਹੀਂ ਕਰਨਗੇ: ਮੋਦੀ
ਬਿਹਾਰ ਵਿੱਚ ‘ਵੋਟਰ ਅਧਿਕਾਰ ਯਾਤਰਾ’ ਦੌਰਾਨ ਆਪਣੀ ਮਰਹੂਮ ਮਾਂ ਖ਼ਿਲਾਫ਼ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਨਾਲ ਕਾਫ਼ੀ ਦੁੱਖ ਪੁੱਜਾ ਹੈ। ਉਨ੍ਹਾਂ ਕਿਹਾ ਕਿ ਉਹ ਭਾਵੇਂ ਆਰ ਜੇ ਡੀ ਅਤੇ ਕਾਂਗਰਸ ਨੂੰ ਮੁਆਫ਼ ਕਰ ਦੇਣ ਪਰ ਬਿਹਾਰ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਸ੍ਰੀ ਮੋਦੀ ਦਿੱਲੀ ਵਿੱਚ ਕਰਵਾਏ ਸਮਾਗਮ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਵਰਚੁਅਲ ਢੰਗ ਨਾਲ ਬਿਹਾਰ ਵਿੱਚ ਸਵੈ-ਸੇਵੀ ਸਹਾਇਤਾ ਗਰੁੱਪਾਂ ਨਾਲ ਜੁੜੀਆਂ ਔਰਤਾਂ ਲਈ ਨਵੀਂ ਸਹਿਕਾਰਤਾ ਸੰਸਥਾ ਦਾ ਉਦਘਾਟਨ ਵੀ ਕੀਤਾ।
ਇਸ ਦੌਰਾਨ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ‘ਭਾਰਤ ਮਾਂ’ ਦਾ ਨਿਰਾਦਰ ਕਰਨ ਵਾਲਿਆਂ ਲਈ ਉਨ੍ਹਾਂ ਦੀ ਮਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨਾ ਕੁਝ ਵੀ ਨਹੀਂ ਹੈ ਤੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਸੁਆਲ ਕਰਦਿਆਂ ਕਿਹਾ,‘ਮੇਰੀ ਸਵਰਗਵਾਸੀ ਮਾਂ ਦਾ ਰਾਜਨੀਤੀ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਸੀ, ਇਸ ’ਚ ਉਸ ਦਾ ਕੀ ਕਸੂਰ ਸੀ; ਉਨ੍ਹਾਂ ਨੂੰ ਕਿਉਂ ਗਲਤ ਬੋਲਿਆ ਗਿਆ?’ ਉਨ੍ਹਾਂ ਕਿਹਾ,‘ਬਿਹਾਰ ਦੇ ਲੋਕਾਂ ਨੂੰ ਹਰ ਗਲੀ-ਗੁਆਂਢ ’ਚ ਆਰ ਜੇ ਡੀ ਅਤੇ ਕਾਂਗਰਸੀ ਆਗੂਆਂ ਤੋਂ ਜੁਆਬ ਮੰਗਣੇ ਚਾਹੀਦੇ ਹਨ। ਉਨ੍ਹਾਂ ਕਿਹਾ,‘ਮੈਂ ਆਪਣੀ ਮਾਂ ਦਾ ਪੁੱਤਰ ਹਾਂ... ਮੈਂ ਆਪਣਾ ਦਰਦ ਤੁਹਾਡੇ ਨਾਲ ਵੰਡ ਰਿਹਾ ਹਾਂ।’ ਉਨ੍ਹਾਂ ਕਿਹਾ ਕਿ ਮਾਵਾਂ-ਧੀਆਂ ’ਤੇ ਭੱਦੀਆਂ ਟਿੱਪਣੀਆਂ ਕਰਨ ਵਾਲੇ ਲੋਕ ਔਰਤਾਂ ਨੂੰ ਕਮਜ਼ੋਰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕ ਜਦੋਂ ਸੱਤਾ ’ਚ ਆਉਂਦੇ ਹਨ ਤਾਂ ਮਾਵਾਂ, ਧੀਆਂ ਤੇ ਭੈਣਾਂ ਨੂੰ ਸਭ ਤੋਂ ਵੱਧ ਸੰਤਾਪ ਭੁਗਤਣਾ ਪੈਂਦਾ ਹੈ... ਆਰ ਜੇ ਡੀ ਦੇ ਮਾਫ਼ੀਆ ਰਾਜ ’ਚ ਅਜਿਹਾ ਹੀ ਵਾਪਰਿਆ।
ਮੋਦੀ ਵੱਲੋਂ ਸਹਿਕਾਰਤਾ ਸੰਸਥਾ ਦਾ ਉਦਘਾਟਨ
ਪਟਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ ਸਵੈ-ਸੇਵੀ ਸੰਸਥਾਵਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਸਸਤੀਆਂ ਵਿਆਜ ਦਰਾਂ ’ਤੇ ਫੰਡ ਉਪਲਬਧ ਕਰਵਾਉਣ ਲਈ ‘ਬਿਹਾਰ ਰਾਜ ਜੀਵਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਟਿਡ’ ਦਾ ਵਰਚੁਅਲ ਢੰਗ ਨਾਲ ਉਦਘਾਟਨ ਕੀਤਾ। ਉਨ੍ਹਾਂ ਦਿੱਲੀ ਵਿੱਚ ਕਰਵਾਏ ਸਮਾਗਮ ਦੌਰਾਨ ਸੰਸਥਾ ਦੇ ਬੈਂਕ ਖਾਤੇ ਵਿੱਚ 105 ਕਰੋੜ ਰੁਪਏ ਵੀ ਟਰਾਂਸਫਰ ਕੀਤੇ। ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਵਿਜੈ ਕੁਮਾਰ ਸਿਨਹਾ ਤੇ ਕਈ ਸੀਨੀਅਰ ਅਧਿਕਾਰੀ ਵੀ ਪਟਨਾ ਤੋਂ ਵੀਡੀਓ ਕਾਨਫਰੰਸ ਰਾਹੀਂ ਸਮਾਗਮ ’ਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਐੱਨ ਡੀ ਏ ਸਰਕਾਰ ਨੇ ਹਮੇਸ਼ਾਂ ਬਿਹਾਰ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕੀਤਾ ਹੈ।