ਬਿਹਾਰ ਨੂੰ ਨੌਜਵਾਨ ਮੁੱਖ ਮੰਤਰੀ ਮਿਲੇਗਾ: ਅਖਿਲੇਸ਼
ਤੇਜਸਵੀ ਯਾਦਵ ਦੇ ਹੱਕ ’ਚ ਨਾਅਰਾ; ‘ਇੰਡੀਆ’ ਗੱਠਜੋੜ ਦੀ ਜਿੱਤ ਦਾ ਦਾਅਵਾ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਬਿਹਾਰ ਦੀ ਹਵਾ ਬਦਲ ਚੁੱਕੀ ਹੈ, ‘ਇੰਡੀਆ’ ਚੋਣਾਂ ਜਿੱਤਣ ਲਈ ਤਿਆਰ ਹੈ। ਬਿਹਾਰ ’ਚ ਲੋਕਾਂ ਦਾ ਰੌਂਅ ਦਰਸਾਉਂਦਾ ਹੈ ਕਿ ਸੂਬੇ ਨੂੰ ਜੋਸ਼ੀਲਾ ਨੌਜਵਾਨ ਮੁੱਖ ਮੰਤਰੀ ਹੀ ਮਿਲੇਗਾ, ਜੋ ਆਰ ਜੇ ਡੀ ਦੇ ਤੇਜਸਵੀ ਯਾਦਵ ਹਨ। ਸ੍ਰੀ ਅਖਿਲੇਸ਼ ਯਾਦਵ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉੜੀਸਾ ਲਈ ਰਵਾਨਾ ਹੋਣ ਤੋਂ ਪਹਿਲਾਂ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਦੱਸਣਯੋਗ ਹੈ ਕਿ ਅੱਜ ਆਰ ਜੇ ਡੀ ਨੇਤਾ ਤੇਜਸਵੀ ਯਾਦਵ ਦਾ ਜਨਮ ਦਿਨ ਵੀ ਹੈ। ਇਸ ਮੌਕੇ ਅਖਿਲੇਸ਼ ਯਾਦਵ ਨੇ ਕਿਹਾ ਕਿ ਬਿਹਾਰ ਹੁਣ ਬਦਲਾਅ ਲੈ ਕੇ ਆ ਰਿਹਾ ਹੈ। ਬਿਹਾਰ ਦੇ ਲੋਕ ਨੌਜਵਾਨ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਚੁਣ ਰਹੇ ਹਨ। ਬਿਹਾਰ ਦੇ ਲੋਕ ਤੇਜਸਵੀ ਯਾਦਵ ਦੇ ਪੂਰੇ ਸਮਰਥਨ ਵਿੱਚ ਹਨ। ਉਨ੍ਹਾਂ ਕਿਹਾ ਕਿ ਬਿਹਰ ਚੋਣਾਂ ਜਿੱਤਣ ਮਗਰੋਂ ‘ਇੰਡੀਆ’ ਗੱਠਜੋੜ ਨੂੰ ਕੌਮੀ ਪੱਧਰ ’ਤੇ ਮਜ਼ਬੂਤੀ ਮਿਲੇਗੀ। ਇਸ ਦੌਰਾਨ ਅਖਿਲੇਸ਼ ਯਾਦਵ ਨੇ ਭਾਜਪਾ ’ਤੇ ਵੀ ਨਿਸ਼ਾਨੇ ਸੇਧੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਘੁਸਪੈਠੀਆਂ ਬਾਰੇ ਕੀਤੀ ਗਈ ਟਿੱਪਣੀ ਬਾਰੇ ਸਵਾਲ ਦੇ ਜਵਾਬ ਵਿੱਚ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ 11 ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ਵਿੱਚ ਹੈ, ਜੇ ਇਸ ਸਮੇਂ ਦੌਰਾਨ ਘੁਸਪੈਠੀਏ ਦੇਸ਼ ਵਿੱਚ ਦਾਖਲ ਹੋਏ ਹਨ ਤਾਂ ਇਸ ਲਈ ਭਾਜਪਾ ਖ਼ੁਦ ਜ਼ਿੰਮੇਵਾਰ ਹੈ। ਜ਼ਿਕਰਯੋਗ ਹੈ ਕਿ ਬਿਹਾਰ ’ਚ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਛੇ ਨਵੰਬਰ ਨੂੰ ਹੋਇਆ ਸੀ।

