ਬਿਹਾਰ: ਤੇਜਪ੍ਰਤਾਪ ਨੇ ਪਾਇਲਟ ਲਾਇਸੈਂਸ ਟਰੇਨਿੰਗ ਪਾਸ ਕੀਤੀ
ਪਟਨਾ: ਬਿਹਾਰ ਦੇ ਸਾਬਕਾ ਮੰਤਰੀ ਤੇਜਪ੍ਰਤਾਪ ਯਾਦਵ ਨੇ ਕਮਰਸ਼ੀਅਲ ਪਾਇਲਟ ਲਾਇਸੈਂਸ (ਸੀਪੀਐੱਲ) ਕੋਰਸ ਦੇ ਪਹਿਲੇ ਗੇੜ ਦੀ ਟਰੇਨਿੰਗ ਲਈ ਇੰਟਰਵਿਊ ਪਾਸ ਕਰ ਲਈ ਹੈ। ਤੇਜਪ੍ਰਤਾਪ ਨੂੰ ਉਨ੍ਹਾਂ ਦੇ ਪਿਤਾ ਤੇ ਆਰਜੇਡੀ ਦੇ ਬਾਨੀ ਲਾਲੂ ਪ੍ਰਸਾਦ ਯਾਦਵ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਹਵਾਬਾਜ਼ੀ ਡਾਇਰੈਕਟੋਰੇਟ (ਬਿਹਾਰ ਸਰਕਾਰ) ਵੱਲੋਂ 20 ਜੂਨ ਨੂੰ ਜਾਰੀ ਸਫ਼ਲ ਉਮੀਦਵਾਰਾਂ ਦੀ ਸੂਚੀ ਮੁਤਾਬਕ ਯਾਦਵ ਨੇ ਏਬੀ-ਇਨੀਸ਼ੀਓ ਟੂ ਸੀਪੀਐੱਲ ਕੋਰਸ ਲਈ ਇੰਟਰਵਿਊ ਤੇ ਦਸਤਾਵੇਜ਼ਾਂ ਦੀ ਤਸਦੀਕ ਪ੍ਰਕਿਰਿਆ ਪਾਸ ਕਰਨ ਵਾਲੇ 18 ਉਮੀਦਵਾਰਾਂ ਵਿੱਚੋਂ 5ਵਾਂ ਸਥਾਨ ਹਾਸਲ ਕੀਤਾ ਹੈ। ਇੰਟਰਵਿਊ ਤੇ ਦਸਤਾਵੇਜ਼ਾਂ ਦੀ ਤਸਦੀਕ ਪ੍ਰਕਿਰਿਆ ਪਿਛਲੇ ਸਾਲ 16 ਤੋਂ 18 ਦਸੰਬਰ ਦਰਮਿਆਨ ਕਰਵਾਈ ਗਈ ਸੀ। ਤੇਜਪ੍ਰਤਾਪ ਦੇ ਪਿਤਾ ਲਾਲੂ ਪ੍ਰਸਾਦ ਯਾਦਵ ਨੇ ਉਨ੍ਹਾਂ ਨੂੰ ਅਨੁਸ਼ਕਾ ਨਾਮੀ ਔਰਤ ਨਾਲ ਕਥਿਤ ‘ਰਿਸ਼ਤਾ’ ਹੋਣ ਦੀ ਗੱਲ ਕਬੂਲਣ ਮਗਰੋਂ 25 ਮਈ ਨੂੰ ਛੇ ਸਾਲਾਂ ਲਈ ਰਾਸ਼ਟਰੀ ਜਨਤਾ ਦਲ (ਆਰਜੇਡੀ) ਵਿਚੋਂ ਕੱਢ ਦਿੱਤਾ ਸੀ। ਹਾਲਾਂਕਿ ਬਾਅਦ ’ਚ ਤੇਜਪ੍ਰਤਾਪ ਨੇ ਆਪਣੇ ਬਾਰੇ ਫੇਸਬੁੱਕ ਅਕਾਊਂਟ ਤੋਂ ਪੋਸਟ ਹਟਾ ਲਈ ਸੀ ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਪੇਜ ਹੈਕ ਹੋ ਗਿਆ ਹੈ। ਲਾਲੂ ਪ੍ਰਸਾਦ ਯਾਦਵ ਨੇ ਤੇਜਪ੍ਰਤਾਪ ਦੇ ਕਥਿਤ ‘ਗ਼ੈਰਜ਼ਿੰਮੇਵਾਰਨਾ ਰਵੱਈਏ’ ਕਾਰਨ ਉਨ੍ਹਾਂ ਨਾਲੋਂ ਸਬੰਧ ਵੀ ਤੋੜ ਲਏ ਸਨ। -ਪੀਟੀਆਈ