Bihar SIR: ਬਿਹਾਰ ਵੋਟਰ ਸੂਚੀ ’ਚੋਂ 23 ਲੱਖ ਮਹਿਲਾ ਵੋਟਰਾਂ ਦੇ ਨਾਂ ਹਟਾਏ: ਕਾਂਗਰਸ
ਚੋਣ ਕਮਿਸ਼ਨ ’ਤੇ ਲਾਇਆ ‘ਧੋਖਾਧਡ਼ੀ’ ਕਰਨ ਦਾ ਦੋਸ਼
ਕਾਂਗਰਸ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (SIR) ਤਹਿਤ ਲਗਭਗ 23 ਲੱਖ ਮਹਿਲਾਵਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਨ੍ਹਾਂ 59 ਵਿਧਾਨ ਸਭਾ ਸੀਟਾਂ ਨਾਲ ਸਬੰਧਤ ਹਨ, ਜਿੱਥੇ 2020 ਦੀਆਂ ਚੋਣਾਂ ਵਿੱਚ "ਕਰੀਬੀ ਮੁਕਾਬਲਾ" ਦੇਖਿਆ ਗਿਆ ਸੀ।
ਆਪਣੇ "ਵੋਟ ਚੋਰੀ" ਦੇ ਦਾਅਵਿਆਂ ਨੂੰ ਦੁਹਰਾਉਂਦੇ ਹੋਏ ਵਿਰੋਧੀ ਪਾਰਟੀ ਨੇ ਇਹ ਵੀ ਸਵਾਲ ਕੀਤਾ ਕਿ ਜਦੋਂ ਇਨ੍ਹਾਂ ਮਹਿਲਾਵਾਂ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਵਿੱਚ ਵੋਟ ਪਾਈ ਸੀ ਤਾਂ ਕੀ ਉਹ ਵੋਟਾਂ "ਧੋਖਾਧੜੀ" ਸਨ ਅਤੇ ਕੀ "ਜਾਅਲੀ ਵੋਟਾਂ" 'ਤੇ ਚੁਣੇ ਗਏ ਸੰਸਦ ਮੈਂਬਰਾਂ ਨੇ ਸਰਕਾਰ ਬਣਾਉਣ ਵਿੱਚ ਮਦਦ ਕੀਤੀ ਸੀ। ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ ਦੋਸ਼ ਲਾਇਆ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ’ਤੇ’ ਚੋਣ ਕਮਿਸ਼ਨ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਐੱਸ ਆਈ ਆਰ ਦੇ ਨਾਮ ’ਤੇ "ਵੱਡੀ ਧੋਖਾਧੜੀ" ਕਰ ਰਿਹਾ ਹੈ। ਉਨ੍ਹਾਂ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਇੰਦਰਾ ਭਵਨ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਦਾਅਵਾ ਕੀਤਾ, ‘ਬਿਹਾਰ ਵਿੱਚ ਲਗਭਗ 3.5 ਕਰੋੜ ਮਹਿਲਾ ਵੋਟਰ ਹਨ, ਪਰ ਲਗਭਗ 23 ਲੱਖ ਮਹਿਲਾਵਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ।‘ ਲਾਂਬਾ ਨੇ ਕਿਹਾ ਕਿ ਇਹ ਮਹਿਲਾਵਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟ ਨਹੀਂ ਪਾ ਸਕਣਗੀਆਂ ਅਤੇ ‘ਸਾਡਾ ਮੰਨਣਾ ਹੈ ਕਿ ਇਹ ਫੈਸਲਾ ਸੰਵਿਧਾਨ ਦੇ ਵਿਰੁੱਧ ਹੈ।’ ਉਨ੍ਹਾਂ ਦਾਅਵਾ ਕੀਤਾ, ‘ਬਿਹਾਰ ਦੇ ਛੇ ਜ਼ਿਲ੍ਹੇ ਜਿੱਥੋਂ ਸਭ ਤੋਂ ਵੱਧ ਔਰਤਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਹਟਾਏ ਗਏ ਹਨ, ਉਹ ਗੋਪਾਲਗੰਜ, ਸਾਰਨ, ਬੇਗੂਸਰਾਏ, ਸਮਸਤੀਪੁਰ, ਭੋਜਪੁਰ ਅਤੇ ਪੂਰਨੀਆ ਹਨ।’ ਲਾਂਬਾ ਨੇ ਕਿਹਾ ਕਿ ਜਿਨ੍ਹਾਂ ਛੇ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਮਹਿਲਾਵਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਹਟਾਏ ਗਏ ਹਨ, ਉਨ੍ਹਾਂ ਵਿੱਚ ਲਗਭਗ 60 ਵਿਧਾਨ ਸਭਾ ਸੀਟਾਂ ਸ਼ਾਮਲ ਹਨ।