Bihar SIR: ਦਾਅਵੇ, ਇਤਰਾਜ਼ 1 ਸਤੰਬਰ ਦੀ ਸਮਾਂ ਸੀਮਾ ਤੋਂ ਬਾਅਦ ਵੀ ਦਾਇਰ ਕੀਤੇ ਜਾ ਸਕਦੇ: ਚੋਣ ਕਮਿਸ਼ਨ
ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੇ ਬੈਂਚ ਨੇ ਚੋਣ ਕਮਿਸ਼ਨ (EC) ਦੀ ਇਸ ਪੇਸ਼ਕਸ਼ ਨੂੰ ਨੋਟ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਦਾਅਵੇ ਅਤੇ ਇਤਰਾਜ਼ ਹਰੇਕ ਵਿਧਾਨ ਸਭਾ ਹਲਕੇ ਵਿੱਚ ਨਾਮਜ਼ਦਗੀ ਫਾਰਮਾਂ ਦੀ ਆਖ਼ਰੀ ਮਿਤੀ ਤੱਕ ਦਾਇਰ ਕੀਤੇ ਜਾ ਸਕਦੇ ਹਨ।
ਸੁਪਰੀਮ ਕੋਰਟ ਨੇ ਬਿਹਾਰ ਐੱਸਆਈਆਰ ਬਾਰੇ ਉਲਝਣ ਨੂੰ "ਵੱਡੇ ਪੱਧਰ 'ਤੇ ਭਰੋਸੇ ਦਾ ਮੁੱਦਾ" ਦੱਸਦਿਆਂ, ਰਾਜ ਕਾਨੂੰਨੀ ਸੇਵਾ ਅਥਾਰਟੀ ਨੂੰ ਨਿਰਦੇਸ਼ ਦਿੱਤਾ ਕਿ ਉਹ ਨਿੱਜੀ ਵੋਟਰ ਅਤੇ ਸਿਆਸੀ ਪਾਰਟੀਆਂ ਦੀ 1 ਅਗਸਤ ਨੂੰ ਪ੍ਰਕਾਸ਼ਿਤ ਹੋਏ ਖਰੜੇ ਵਿੱਚ ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਵਿੱਚ ਸਹਾਇਤਾ ਲਈ ਪੈਰਾਲੀਗਲ ਵਲੰਟੀਅਰਾਂ ਦੀ ਤੈਨਾਤੀ ਕਰੇ।
ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਕਿਹਾ, "ਕਿਸੇ ਵੀ ਸਮਾਂ ਸੀਮਾ ਵਿੱਚ ਵਾਧਾ ਪੂਰੇ ਅਭਿਆਸ ਅਤੇ ਅੰਤਿਮ ਵੋਟਰ ਸੂਚੀ ਨੂੰ ਅੰਤਿਮ ਰੂਪ ਦੇਣ ਵਿੱਚ ਵਿਘਨ ਪਾਵੇਗਾ।"
ਚੋਣ ਕਮਿਸ਼ਨ ਨੇ ਅੱਗੇ ਕਿਹਾ ਕਿ ਖਰੜੇ ਵਿੱਚ ਸ਼ਾਮਲ 2.74 ਕਰੋੜ ਵੋਟਰਾਂ ਵਿੱਚੋਂ 99.5 ਫ਼ੀਸਦੀ ਨੇ ਯੋਗਤਾ ਦਸਤਾਵੇਜ਼ ਦਾਖਲ ਕੀਤੇ ਹਨ ਅਤੇ ਆਰ.ਜੇ.ਡੀ. ਦੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ, ਜਿਸ ਵਿੱਚ ਪਾਰਟੀ ਨੇ 36 ਦਾਅਵੇ ਦਾਖਲ ਕਰਨ ਦੀ ਗੱਲ ਕਹੀ ਸੀ। ਕਮਿਸ਼ਨ ਨੇ ਕਿਹਾ ਕਿ ਪਾਰਟੀ ਨੇ ਸਿਰਫ 10 ਅਜਿਹੇ ਦਾਅਵੇ ਦਾਖਲ ਕੀਤੇ ਹਨ।
ਦੂਜੇ ਪਾਸੇ, ਬੈਂਚ ਨੇ ਪੈਰਾਲੀਗਲ ਵਲੰਟੀਅਰਾਂ ਨੂੰ ਸਬੰਧਤ ਜ਼ਿਲ੍ਹਾ ਜੱਜਾਂ ਕੋਲ ਗੁਪਤ ਰਿਪੋਰਟਾਂ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਅਤੇ ਇਨ੍ਹਾਂ ’ਤੇ 8 ਸਤੰਬਰ ਨੂੰ ਵਿਚਾਰ ਕੀਤਾ ਜਾਵੇਗਾ। ਆਰਜੇਡੀ ਅਤੇ ਏਆਈਐੱਮਆਈਐੱਮ ਨੇ ਚੋਣਾਂ ਵਾਲੇ ਸੂਬੇ ਬਿਹਾਰ ਵਿੱਚ ਵੋਟਰ ਸੋਧ ਅਭਿਆਸ ਵਿੱਚ ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਹੈ।
ਵੋਟਰਾਂ ਦੇ ਨਾਮਾਂ ਨੂੰ ਖਰੜੇ ਵਿੱਚੋਂ ਸ਼ਾਮਲ ਕਰਨ ਜਾਂ ਬਾਹਰ ਕੱਢਣ ਲਈ ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਦੀ ਆਖ਼ਰੀ ਮਿਤੀ ਅੱਜ ਸੀ।