ਬਿਹਾਰ SIR: 52 ਲੱਖ ਤੋਂ ਵੱਧ ਵੋਟਰਾਂ ਦੇ ਸਿਰਨਾਵੇਂ ਬਦਲੇ, 18 ਲੱਖ ਦੀ ਮ੍ਰਿਤਕਾਂ ਵਜੋਂ ਪਛਾਣ ਹੋਈ
ਬਿਹਾਰ ਵਿਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਦੌਰਾਨ ਚੋਣ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਹੈ ਕਿ 52 ਲੱਖ ਤੋਂ ਵੱਧ ਵੋਟਰ ਆਪਣੇ ਮੌਜੂਦਾ ਸਿਰਨਾਵਿਆਂ (ਪਤਿਆਂ) ’ਤੇ ਨਹੀਂ ਰਹਿੰਦੇ ਜਦੋਂਕਿ 18 ਲੱਖ ਹੋਰ ਵੋਟਰ ਜਹਾਨੋਂ ਕੂਚ ਕਰ ਚੁੱਕੇ ਹਨ। ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ 26 ਲੱਖ ਵੋਟਰ ਦੂਜੇ ਹਲਕਿਆਂ ਵਿਚ ਤਬਦੀਲ ਹੋ ਚੁੱਕੇ ਹਨ ਅਤੇ ਸੱਤ ਲੱਖ ਦੇ ਕਰੀਬ ਵੋਟਰਾਂ ਦੇ ਨਾਮ ਦੋ ਥਾਵਾਂ ’ਤੇ ਰਜਿਸਟਰਡ ਹਨ।
ਸੂਬੇ ਦੇ ਚੋਣ ਅਧਿਕਾਰੀਆਂ ਨੇ ਉਨ੍ਹਾਂ 21.36 ਲੱਖ ਵੋਟਰਾਂ ਦੀਆਂ ਵਿਸਤ੍ਰਿਤ ਸੂਚੀਆਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਦੇ ਗਣਨਾ ਫਾਰਮ ਅਜੇ ਤੱਕ ਪ੍ਰਾਪਤ ਨਹੀਂ ਹੋਏ ਹਨ। ਇਸ ਤੋਂ ਇਲਾਵਾ ਕਰੀਬ 52.30 ਲੱਖ ਵੋਟਰਾਂ ਦੀ ਵੀ ਸੂਚੀ ਸਾਂਝੀ ਕੀਤੀ ਹੈ, ਜਿਨ੍ਹਾਂ ਦੀ ਕਥਿਤ ਮੌਤ ਹੋ ਚੁੱਕੀ ਹੈ ਜਾਂ ਸਥਾਈ ਤੌਰ ’ਤੇ ਦੂਜੇ ਹਲਕਿਆਂ ਵਿਚ ਤਬਦੀਲ ਹੋ ਗਏ ਹਨ ਜਾਂ ਜਿਨ੍ਹਾਂ ਕਈ ਥਾਵਾਂ ’ਤੇ ਨਾਮ ਦਰਜ ਕਰਵਾਇਆ ਹੈ।
1 ਅਗਸਤ ਤੋਂ (ਜਦੋਂ ਖਰੜਾ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ) 1 ਸਤੰਬਰ ਤੱਕ, ਕਿਸੇ ਵੀ ਵੋਟਰ ਨੂੰ ਚੋਣ ਸੂਚੀਆਂ ਦੇ ਖਰੜੇ ਵਿੱਚ ਕਿਸੇ ਵੀ ਵਾਧੇ, ਮਿਟਾਉਣ ਅਤੇ ਸੁਧਾਰ ’ਤੇ ਇਤਰਾਜ਼ ਦਰਜ ਕਰਨ ਲਈ ਪੂਰਾ ਇੱਕ ਮਹੀਨਾ ਉਪਲਬਧ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ 12 ਸਿਆਸੀ ਪਾਰਟੀਆਂ ਨੂੰ ਵੋਟਰਾਂ ਦੀ ਸੂਚੀ ਦਿੱਤੀ ਗਈ ਹੈ, ਜੋ ਸ਼ਿਫਟ ਹੋ ਗਏ ਹਨ, ਨਹੀਂ ਮਿਲੇ ਜਾਂ ਮਰ ਗਏ ਹਨ, ਉਹ ਜਾਣਦੇ ਹੋਣਗੇ ਕਿ ਅਜਿਹੇ ਨਾਮ ਖਰੜਾ ਸੂਚੀਆਂ ਵਿੱਚ ਕਿਉਂ ਸ਼ਾਮਲ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਅਜਿਹੇ ਵੋਟਰਾਂ ਨਾਲ ਰਾਬਤਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਹ ਖਰੜਾ ਸੂਚੀਆਂ ਵਿੱਚ ਆਪਣੇ ਨਾਮ ਸ਼ਾਮਲ ਕਰਨ ਲਈ ਰਾਜ ਦੇ ਚੋਣ ਅਧਿਕਾਰੀਆਂ ਨਾਲ ਸੰਪਰਕ ਕਰ ਸਕਣ।
ਅੰਤਿਮ ਸੂਚੀ 30 ਸਤੰਬਰ ਨੂੰ ਬਕਾਇਆ ਦਾਅਵਿਆਂ ਅਤੇ ਇਤਰਾਜ਼ ਪ੍ਰਕਿਰਿਆ ਤੋਂ ਬਾਅਦ ਪ੍ਰਕਾਸ਼ਿਤ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਯੋਗ ਨਾਗਰਿਕ ਸੂਚੀਆਂ ਵਿਚੋਂ ਬਾਹਰ ਨਾ ਰਹੇ ਅਤੇ ਕੋਈ ਅਯੋਗ ਵਿਅਕਤੀ ਸ਼ਾਮਲ ਨਾ ਹੋਵੇ।