ਬਿਹਾਰ: ਮੁਰਮੂ ਨੇ ਗਯਾਜੀ ’ਚ ‘ਪਿੱਤਰਾਂ ਦੀ ਗਤੀ’ ਕਰਵਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਪੁਰਖਿਆਂ ਦੀ ਆਤਮਾ ਦੀ ਮੁਕਤੀ ਲਈ ਬਿਹਾਰ ਦੇ ਗਯਾਜੀ ਸਥਿਤ ਵਿਸ਼ਨੂੰਪਦ ਮੰਦਰ ਵਿੱਚ ਪਿੰਡ ਦਾਨ ਕੀਤਾ। ਵਿਸ਼ਨੂੰਪਦ ਮੰਦਰ ਟਰੱਸਟ ਦੇ ਕਾਰਜਕਾਰੀ ਪ੍ਰਧਾਨ ਸ਼ੰਭੂ ਲਾਲ ਵਿੱਠਲ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਪੂਜਾ ਵਾਲੇ ਸਥਾਨ ’ਤੇ ਪਿੰਡ ਦਿਨ ਅਤੇ ਜਲ ਤਰਪਨ ਕੀਤਾ।
ਵਿੱਠਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਰਾਸ਼ਟਰਪਤੀ ਨੇ ਆਪਣੇ ਪੁਰਖਿਆਂ ਦੀ ਆਤਮਾ ਦੀ ਸ਼ਾਂਤੀ ਅਤੇ ਮੁਕਤੀ ਲਈ ਫਲਗੂ ਨਦੀ ਦੇ ਤੱਟ ’ਤੇ ਅਤੇ ਵਿਸ਼ਨੂੰਪਦ ਮੰਦਰ ਵਿੱਚ ਪਿੰਡ ਦਾਨ ਅਤੇ ਜਲ ਤਰਪਨ ਕੀਤਾ।’’ ਅਜਿਹਾ ਮੰਨਿਆ ਜਾਂਦਾ ਹੈ ਕਿ ਪਿੰਡ ਦਾਨ ਕਰਨ ਨਾਲ ਪੁਰਖਿਆਂ ਦੀ ਆਤਮਾ ਨੂੰ ਸ਼ਾਂਤੀ ਅਤੇ ਮੁਕਤੀ ਪ੍ਰਾਪਤ ਹੁੰਦੀ ਹੈ। ਹਰ ਸਾਲ ਪਿੱਤਰ ਪਕਸ਼ ਦੌਰਾਨ ਵੱਡੀ ਗਿਣਤੀ ਹਿੰਦੂ ਸ਼ਰਧਾਲੂ ਰਸਮਾਂ ਅਦਾ ਕਰਨ ਲਈ ਵਿਸ਼ਨੂੰਪਦ ਮੰਦਰ ਆਉਂਦੇ ਹਨ।
ਇਸ ਤੋਂ ਪਹਿਲਾਂ ਗਯਾਜੀ ਹਵਾਈ ਅੱਡੇ ’ਤੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਕੇਂਦਰੀ ਮੰਤਰੀ ਜਿਤਨ ਰਾਮ ਮਾਂਝੀ ਅਤੇ ਬਿਹਾਰ ਦੇ ਸਹਿਕਾਰਤਾ ਮੰਤਰੀ ਪ੍ਰੇਮ ਕੁਮਾਰ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਵਾਗਤ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਗਯਾਜੀ ਯਾਤਰਾ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ।