ਬਿਹਾਰ: ਮੁਸਲਿਮ ਆਬਾਦੀ ਵਾਲੇ ਚਾਰ ਜ਼ਿਲ੍ਹਿਆਂ ਵਿੱਚ ਕੱਟੀਆਂ ਸਭ ਤੋਂ ਵੱਧ ਵੋਟਾਂ
ਬਿਹਾਰ ਦੇ ਮੁਸਲਿਮ ਬਹੁਗਿਣਤੀ ਵਾਲੇ ਚਾਰ ਜ਼ਿਲ੍ਹੇ ਮਧੂਬਨੀ, ਪੂਰਬੀ ਚੰਪਾਰਨ, ਪੂਰਨੀਆ ਅਤੇ ਸੀਤਾਮੜ੍ਹੀ ਉਨ੍ਹਾਂ 10 ਜ਼ਿਲ੍ਹਿਆਂ ਵਿੱਚ ਸ਼ਾਮਲ ਹਨ, ਜਿੱਥੇ ਵੋਟਰਾਂ ਸੂਚੀਆਂ ਦੀ ਵਿਆਪਕ ਸੁਧਾਈ (ਐੱਸਆਈਆਰ) ਦੌਰਾਨ ਸਭ ਤੋਂ ਵੱਧ ਵੋਟਾਂ ਕੱਟੀਆਂ ਗਈਆਂ ਹਨ। ਕੁੱਲ ਮਿਲਾ ਕੇ 65,64,075 ਵੋਟਰਾਂ ਦੇ ਨਾਮ ਕੱਟੇ ਗਏ ਹਨ। ਚੋਣ ਕਮਿਸ਼ਨ ਵੱਲੋਂ ਐੱਸਆਈਆਰ ਦਾ ਪਹਿਲਾ ਪੜਾਅ ਮੁਕੰਮਲ ਹੋਣ ਮਗਰੋਂ ਪਹਿਲੀ ਅਗਸਤ ਨੂੰ ਵੋਟਰ ਸੂਚੀਆਂ ਦਾ ਖਰੜਾ ਜਾਰੀ ਕੀਤਾ ਗਿਆ ਹੈ। ਵਿਰੋਧੀ ਧਿਰ ਪਹਿਲਾਂ ਹੀ ਦੋਸ਼ ਲਗਾਉਂਦੀ ਆ ਰਹੀ ਹੈ ਕਿ ਐੱਸਆਈਆਰ ਦਾ ਉਦੇਸ਼ ਪਰਵਾਸੀਆਂ, ਮੁਸਲਮਾਨਾਂ, ਦਲਿਤਾਂ ਅਤੇ ਗ਼ਰੀਬ ਵੋਟਰਾਂ ਨੂੰ ਵੋਟਰ ਸੂਚੀਆਂ ਵਿੱਚੋਂ ਬਾਹਰ ਕੱਢਣਾ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਮਧੂਬਨੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 3,52,545 ਗਣਨਾ ਫਾਰਮ ਵਾਪਸ ਨਹੀਂ ਆਏ। ਸਾਲ 2011 ਦੀ ਜਨਗਣਨਾ ਮੁਤਾਬਕ ਇਸ ਜ਼ਿਲ੍ਹੇ ਵਿੱਚ 18 ਫ਼ੀਸਦੀ ਮੁਸਲਿਮ ਆਬਾਦੀ ਸੀ। ਇਸੇ ਤਰ੍ਹਾਂ19 ਫ਼ੀਸਦੀ ਮੁਸਲਿਮ ਆਬਾਦੀ ਵਾਲੇ ਪੂਰਬੀ ਚੰਪਾਰਨ ਜ਼ਿਲ੍ਹੇ ’ਚ 3,16,793 ਫਾਰਮ ਵਾਪਸ ਨਹੀਂ ਆਏ। ਇਸ ਤੋਂ ਬਾਅਦ ਪੂਰਨੀਆ (39 ਫ਼ੀਸਦੀ ਮੁਸਲਿਮ) ਵਿੱਚ 2,73,920 ਅਤੇ ਸੀਤਾਮੜ੍ਹੀ (22 ਫ਼ੀਸਦੀ ਮੁਸਲਿਮ) ਵਿੱਚ 2,44,962 ਫਾਰਮ ਵਾਪਸ ਨਹੀਂ ਆਏ। ਗਣਨਾ ਫਾਰਮ ਨਾ ਮਿਲਣ ਤੋਂ ਪਤਾ ਲੱਗਦਾ ਹੈ ਕਿ ਵੋਟਰ ਨੂੰ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਸਭ ਤੋਂ ਵੱਧ ਗਿਣਤੀ ’ਚ ਵੋਟਾਂ ਕੱਟੇ ਜਾਣ ਵਾਲੇ ਹੋਰ ਜ਼ਿਲ੍ਹਿਆਂ ’ਚ ਪਟਨਾ (3,95,500), ਗੋਪਾਲਗੰਜ (3,10,363), ਸਮਸਤੀਪੁਰ (2,83,955), ਮੁਜ਼ੱਫਰਪੁਰ (2,82,845), ਸਾਰਨ (2,73,223) ਅਤੇ ਗਯਾ (2,45,663) ਸ਼ਾਮਲ ਹਨ। ਚੋਣ ਕਮਿਸ਼ਨ ਦੇ ਖਰੜੇ ਅਨੁਸਾਰ 22,34,501 ਵੋਟਰਾਂ ਨੂੰ ਮ੍ਰਿਤਕ, 36,28,210 ਨੂੰ ਪੱਕੇ ਤੌਰ ’ਤੇ ਤਬਦੀਲ ਹੋ ਚੁੱਕੇ ਅਤੇ 7,01,364 ਨੂੰ ਇੱਕ ਤੋਂ ਵੱਧ ਥਾਵਾਂ ’ਤੇ ਦਰਜ ਵੋਟਰ ਦੱਸਿਆ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਖਰੜੇ ਦੀਆਂ ਸੂਚੀਆਂ ਬਾਰੇ ਦਾਅਵੇ ਅਤੇ ਇਤਰਾਜ਼ 1 ਅਗਸਤ ਤੋਂ 1 ਸਤੰਬਰ ਤੱਕ ਵੋਟਰਾਂ ਵੱਲੋਂ ਦਾਇਰ ਕੀਤੇ ਜਾ ਸਕਦੇ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਇਹ ਪ੍ਰਕਿਰਿਆ ਯੋਗ ਵੋਟਰਾਂ ਨੂੰ ਜੋੜਨ ਅਤੇ ਅਯੋਗ ਵੋਟਰਾਂ ਨੂੰ ਹਟਾਉਣ ਵਿੱਚ ਸਹਾਇਤਾ ਕਰੇਗੀ।