ਬਿਹਾਰ ਚੋਣਾਂ: ਤੇਜਸਵੀ ਨੇ ਕੀਤਾ ਵੱਡਾ ਐਲਾਨ; ਜੇ ਸਰਕਾਰ ਬਣੀ ਤਾਂ ਪੰਚਾਇਤ ਪ੍ਰਤੀਨਿਧੀਆਂ ਨੂੰ ਪੈਨਸ਼ਨ, 50 ਲੱਖ ਰੁਪਏ ਦਾ ਬੀਮਾ !
ਚੋਣਾਂ ਤੋਂ ਪਹਿਲਾਂ ਭਖਿਆ ਅਖਾੜਾ; ਯਾਦਵ ਵੱਲੋਂ ਪੰਚਾਇਤੀ ਰਾਜ ਪ੍ਰਣਾਲੀ ਦੇ ਪ੍ਰਤੀਨਿਧੀਆਂ ਦੇ ਭੱਤੇ ਦੁੱਗਣੇ ਕਰਨ ਦਾ ਵਾਅਦਾ
ਬਿਹਾਰ ਵਿਧਾਨ ਸਭਾ ਚੋਣਾਂ ਦੀ ਗਰਮੀ ਦੇ ਵਿਚਕਾਰ ਆਰਜੇਡੀ (RJD) ਆਗੂ ਤੇਜਸਵੀ ਯਾਦਵ ਨੇ ਕਈ ਵੱਡੇ ਐਲਾਨ ਕੀਤੇ। ਤੇਜਸਵੀ ਯਾਦਵ ਨੇ ਕਿਹਾ ਕਿ ਜੇਕਰ ‘ਇੰਡੀਆ’ ਗਠਜੋੜ ( INDIA bloc) ਸੱਤਾ ਵਿੱਚ ਆਉਂਦਾ ਹੈ, ਤਾਂ ਬਿਹਾਰ ਦੀ ਪੰਚਾਇਤੀ ਰਾਜ ਪ੍ਰਣਾਲੀ ਦੇ ਪ੍ਰਤੀਨਿਧੀਆਂ ਦੇ ਭੱਤੇ ਦੁੱਗਣੇ ਕਰ ਦਿੱਤੇ ਜਾਣਗੇ। ਉਨ੍ਹਾਂ ਨੇ 50 ਲੱਖ ਰੁਪਏ ਦਾ ਬੀਮਾ ਕਵਰ ਅਤੇ ਪੈਨਸ਼ਨ ਦਾ ਵੀ ਐਲਾਨ ਕੀਤਾ।
ਹਾਲਾਂਕਿ ਨਿਤੀਸ਼ ਕੁਮਾਰ ਸਰਕਾਰ ਨੇ ਜੂਨ ਵਿੱਚ ਰਾਜ ਭਰ ਵਿੱਚ ਪੰਚਾਇਤੀ ਰਾਜ ਸੰਸਥਾ ਦੇ ਅਧਿਕਾਰੀਆਂ ਅਤੇ ਵਾਰਡ ਮੈਂਬਰਾਂ ਦੇ ਭੱਤਿਆਂ ਅਤੇ ਹੋਰ ਲਾਭਾਂ ਵਿੱਚ ਵਾਧਾ ਕੀਤਾ ਸੀ।
ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨਾਂ ਦਾ ਮਾਸਿਕ ਭੱਤਾ 20,000 ਰੁਪਏ ਤੋਂ ਵਧਾ ਕੇ 30,000 ਰੁਪਏ, ਉਪ-ਪ੍ਰਧਾਨਾਂ (10,000 ਰੁਪਏ ਤੋਂ 20,000 ਰੁਪਏ) ਅਤੇ ਮੁਖੀਆਂ (5,000 ਰੁਪਏ ਤੋਂ 7,500 ਰੁਪਏ ਪ੍ਰਤੀ ਮਹੀਨਾ) ਕਰ ਦਿੱਤਾ ਗਿਆ ਹੈ। ਇਸ ਸਮੇਂ, ਰਾਜ ਵਿੱਚ 8,053 ਗ੍ਰਾਮ ਪੰਚਾਇਤਾਂ, 533 ਪੰਚਾਇਤ ਸੰਮਤੀਆਂ ਅਤੇ 38 ਜ਼ਿਲ੍ਹਾ ਪ੍ਰੀਸ਼ਦਾਂ ਕਾਰਜਸ਼ੀਲ ਹਨ।
ਉੱਧਰ ਯਾਦਵ ਦੇ ਐਲਾਨਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਜਨਤਾ ਦਲ (ਯੂ) ਦੇ ਬੁਲਾਰੇ ਨੀਰਜ ਕੁਮਾਰ ਨੇ ਕਿਹਾ, “ ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਸਾਰੇ ਵਾਅਦੇ ਖੋਖਲੇ ਹਨ। ਉਹ ਭ੍ਰਿਸ਼ਟਾਚਾਰ ਅਤੇ ਹੋਰ ਅਪਰਾਧਾਂ ਦੇ 27 ਮਾਮਲਿਆਂ ਵਿੱਚ ਦੋਸ਼ੀ ਹਨ... ਬਿਹਾਰ, ਦਿੱਲੀ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਵਿਰੁੱਧ ਮਾਮਲੇ ਚੱਲ ਰਹੇ ਹਨ। ਵੋਟਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੰਚਾਇਤੀ ਰਾਜ ਪ੍ਰਣਾਲੀ ਦੇ ਪ੍ਰਤੀਨਿਧੀਆਂ ਅਤੇ ਪੀਡੀਐਸ ਵੰਡਣ ਵਾਲਿਆਂ ਲਈ ਕੀ ਕੀਤਾ ਹੈ।”
ਜ਼ਿਕਰਯੋਗ ਹੈ ਕਿ ਬਿਹਾਰ ਵਿੱਚ 243 ਮੈਂਬਰੀ ਬਿਹਾਰ ਵਿਧਾਨ ਸਭਾ ਵਿੱਚ 6 ਨਵੰਬਰ ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ, ਜਿਸਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।

