ਬਿਹਾਰ ਚੋਣਾਂ: ਤੇਜਸਵੀ ਅਤੇ ਉਪ ਮੁੱਖ ਮੰਤਰੀ ਸਿਨਹਾ ਵੱਲੋਂ ਪਰਚੇ ਦਾਖ਼ਲ
ਆਰ ਜੇ ਡੀ ਆਗੂ ਨੇ ਸਿਰਫ਼ ਰਾਘੋਪੁਰ ਤੋਂ ਹੀ ਚੋਣ ਲਡ਼ਨ ਦਾ ਕੀਤਾ ਐਲਾਨ
ਬਿਹਾਰ ਵਿਧਾਨ ਸਭਾ ਚੋਣਾਂ ਲਈ ਅੱਜ ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ ਅਤੇ ਉਪ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਵਿਜੈ ਕੁਮਾਰ ਸਿਨਹਾ ਸਮੇਤ ਹੋਰ ਕਈ ਆਗੂਆਂ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਮੁੱਖ ਚਿਹਰੇ ਅਤੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਤੇਜਸਵੀ ਯਾਦਵ ਨੇ ਇਨ੍ਹਾਂ ਅਫ਼ਵਾਹਾਂ ਨੂੰ ਨਕਾਰ ਦਿੱਤਾ ਕਿ ਉਹ ਦੋ ਸੀਟਾਂ ਤੋਂ ਚੋਣ ਲੜਨਗੇ। ਤੇਜਸਵੀ ਨੇ ਕਿਹਾ ਕਿ ਉਸ ਨੂੰ ਰਾਘੋਪੁਰ ਦੇ ਵੋਟਰਾਂ ’ਤੇ ਪੂਰਾ ਭਰੋਸਾ ਹੈ ਜਿਨ੍ਹਾਂ ਦੋ ਵਾਰ ਚੋਣ ਜਿਤਾ ਕੇ ਵਿਧਾਨ ਸਭਾ ਪਹੁੰਚਾਇਆ ਸੀ। ਇਸ ਦੌਰਾਨ ਜਨ ਸੁਰਾਜ ਪਾਰਟੀ ਦੇ ਪ੍ਰਸ਼ਾਂਤ ਕਿਸ਼ੋਰ ਨੇ ਐਲਾਨ ਕੀਤਾ ਕਿ ਉਹ ਰਾਘੋਪੁਰ ਤੋਂ ਚੋਣ ਨਹੀਂ ਲੜਨਗੇ। ਪ੍ਰਸ਼ਾਂਤ ਨੇ ਕਿਹਾ ਕਿ ਪਾਰਟੀ ਆਗੂਆਂ ਨੇ ਉਨ੍ਹਾਂ ਨੂੰ ਸੂਬੇ ’ਚ ਪ੍ਰਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਨਹਾ ਲਗਾਤਾਰ ਚੌਥੀ ਵਾਰ ਲੱਖੀਸਰਾਏ ਤੋਂ ਉਮੀਦਵਾਰ ਬਣੇ ਹਨ ਜਿਨ੍ਹਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਹਾਜ਼ਰੀ ’ਚ ਪਰਚੇ ਦਾਖ਼ਲ ਕੀਤੇ। ਉਧਰ, ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੇ ਜਨਤਾ ਦਲ (ਯੂ) ਨੇ 57 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਜਨਤਾ ਦਲ (ਯੂ) ਦੀ ਪਹਿਲੀ ਸੂਚੀ ’ਚ ਕਿਸੇ ਮੁਸਲਿਮ ਆਗੂ ਦਾ ਨਾਮ ਸ਼ਾਮਲ ਨਹੀਂ ਹੈ। ਭਾਜਪਾ ਨੇ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ ਜਿਸ ਨਾਲ ਉਹ ਹੁਣ ਤੱਕ 83 ਉਮੀਦਵਾਰਾਂ ਦੇ ਨਾਮ ਤੈਅ ਕਰ ਚੁੱਕੀ ਹੈ। ਸੂਚੀ ’ਚ ਗਾਇਕਾ ਮੈਥਿਲੀ ਠਾਕੁਰ ਦਾ ਨਾਮ ਵੀ ਸ਼ਾਮਲ ਹੈ ਜੋ ਕੁਝ ਦਿਨ ਪਹਿਲਾਂ ਹੀ ਪਾਰਟੀ ’ਚ ਸ਼ਾਮਲ ਹੋਈ ਹੈ। ਉਸ ਨੂੰ ਅਲੀਨਗਰ ਤੋਂ ਮੈਦਾਨ ’ਚ ਉਤਾਰਿਆ ਗਿਆ ਹੈ ਜਿਥੋਂ ਮੌਜੂਦਾ ਵਿਧਾਇਕ ਮਿਸ਼ਰੀ ਲਾਲ ਯਾਦਵ ਨੇ ਅਸਤੀਫ਼ਾ ਦਿੰਦਿਆਂ ਦੋਸ਼ ਲਾਇਆ ਕਿ ਦਲਿਤਾਂ ਅਤੇ ਪੱਛੜੇ ਵਰਗਾਂ ਨਾਲ ਭਾਜਪਾ ’ਚ ਬੇਇਨਸਾਫ਼ੀ ਹੋ ਰਹੀ ਹੈ। ਭਾਜਪਾ ਨੇ ਅਸਾਮ ਕਾਡਰ ਦੇ ਸਾਬਕਾ ਆਈ ਪੀ ਐੱਸ ਅਧਿਕਾਰੀ ਆਨੰਦ ਮਿਸ਼ਰਾ ਨੂੰ ਬਕਸਰ ਤੋਂ ਟਿਕਟ ਦਿੱਤੀ ਹੈ ਜੋ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਨਾਲ ਜੁੜੇ ਹੋਏ ਸਨ। ਐੱਨ ਡੀ ਏ ’ਚ ਸ਼ਾਮਲ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ ਵੀ 15 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਨੂੰ 29 ਸੀਟਾਂ ਮਿਲੀਆਂ ਹਨ। ਸੂਚੀ ’ਚ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਾਜੂ ਤਿਵਾੜੀ ਦਾ ਨਾਮ ਵੀ ਸ਼ਾਮਲ ਹੈ ਜੋ ਗੋਵਿੰਦਪੁਰ ਸੀਟ ਤੋਂ ਚੋਣ ਲੜਨਗੇ। ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਭਲਕੇ ਤੋਂ ਤਿੰਨ ਦਿਨਾਂ ਲਈ ਬਿਹਾਰ ਦੌਰੇ ’ਤੇ ਰਹਿਣਗੇ। -ਪੀ ਟੀ ਆਈ