ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 121 ਸੀਟਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਚੋਣਾਂ ਦਾ ਪਹਿਲਾ ਗੇੜ 6 ਨਵੰਬਰ ਨੂੰ ਹੋਵੇਗਾ। ਨੋਟੀਫਿਕੇਸ਼ਨ ਅਨੁਸਾਰ ਉਮੀਦਵਾਰ 17 ਅਕਤੂਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ ਅਗਲੇ ਦਿਨ ਇਨ੍ਹਾਂ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਵੇਗੀ। ਪਹਿਲੇ ਪੜਾਅ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 20 ਅਕਤੂਬਰ ਹੈ। ਪਹਿਲੇ ਪੜਾਅ ਵਿੱਚ ਪਟਨਾ, ਦਰਭੰਗਾ, ਮਧੇਪੁਰਾ, ਸਹਰਸਾ, ਮੁਜ਼ੱਫਰਪੁਰ, ਗੋਪਾਲਗੰਜ, ਸੀਵਾਨ, ਸਾਰਨ, ਵੈਸ਼ਾਲੀ, ਸਮਸਤੀਪੁਰ, ਬੇਗੂਸਰਾਏ, ਲਖੀਸਰਾਏ, ਮੁੰਗੇਰ, ਸ਼ੇਖਪੁਰਾ, ਨਾਲੰਦਾ, ਬਕਸਰ ਅਤੇ ਭੋਜਪੁਰ ਜ਼ਿਲ੍ਹਿਆਂ ’ਚ ਵੋਟਾਂ ਪੈਣਗੀਆਂ। ਚੋਣਾਂ ਦੇ ਦੂਜੇ ਤੇ ਆਖਰੀ ਪੜਾਅ ਤਹਿਤ 11 ਨਵੰਬਰ ਨੂੰ 122 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ।
ਸੱਤਾਧਾਰੀ ਐੱਨ ਡੀ ਏ ਅਤੇ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਨੇ ਹਾਲੇ ਤੱਕ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਹੈ। ਦੋਵਾਂ ਵਿੱਚ ਛੋਟੀਆਂ ਸਹਿਯੋਗੀ ਪਾਰਟੀਆਂ ਵੱਧ ਸੀਟਾਂ ਲਈ ਜ਼ੋਰ-ਅਜ਼ਮਾਈ ਕਰ ਰਹੀਆਂ ਹਨ, ਜਿਸ ਕਾਰਨ ਸੀਟ-ਵੰਡ ’ਤੇ ਪੇਚ ਫਸਿਆ ਹੋਇਆ ਹੈ। ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਦੀ ‘ਜਨ ਸੁਰਾਜ’ ਪਾਰਟੀ ਨੇ ਬੀਤੇ ਦਿਨ 51 ਉਮੀਦਵਾਰਾਂ ਦੀ ਸੂਚੀ ਐਲਾਨ ਦਿੱਤੀ ਹੈ। ਸੱਤਾਧਾਰੀ ਐੱਨ ਡੀ ਏ ਵਿੱਚ ਸੀਟ ਵੰਡ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅੱਜ ਪਟਨਾ ਪਹੁੰਚੇ ਤੇ ਪਾਰਟੀ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ।
ਵੋਟਰ 12 ਬਦਲਵੇਂ ਫੋਟੋ ਪਛਾਣ ਪੱਤਰਾਂ ਨਾਲ ਪਾ ਸਕਣਗੇ ਵੋਟ: ਚੋਣ ਕਮਿਸ਼ਨ
ਨਵੀਂ ਦਿੱਲੀ: ਭਾਰਤੀ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਜਿਹੜੇ ਵੋਟਰਾਂ ਦੇ ਨਾਂ ਵੋਟਰ ਸੂਚੀ ਵਿੱਚ ਹਨ ਪਰ ਆਪਣਾ ਵੋਟਰ ਫੋਟੋ ਪਛਾਣ ਪੱਤਰ (ਈ ਪੀ ਆਈ ਸੀ) ਪੇਸ਼ ਨਹੀਂ ਕਰ ਪਾ ਰਹੇ, ਉਨ੍ਹਾਂ ਨੂੰ 12 ਪ੍ਰਵਾਨਿਤ ਬਦਲਵੇਂ ਫੋਟੋ ਪਛਾਣ ਦਸਤਾਵੇਜ਼ਾਂ ’ਚੋਂ ਕਿਸੇ ਇੱਕ ਦੀ ਵਰਤੋਂ ਕਰਕੇ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਦਸਤਾਵੇਜ਼ਾਂ ਵਿੱਚ ‘ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਬੈਂਕ/ਡਾਕਘਰ ਵੱਲੋਂ ਜਾਰੀ ਫੋਟੋ ਵਾਲੀ ਪਾਸਬੁੱਕ, ਕਿਰਤ ਮੰਤਰਾਲੇ/ਆਯੂਸ਼ਮਾਨ ਭਾਰਤ ਯੋਜਨਾ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਐੱਨ ਪੀ ਆਰ ਅਧੀਨ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਲੱਗਾ ਹੋਇਆ ਪੈਨਸ਼ਨ ਦਸਤਾਵੇਜ਼, ਕੇਂਦਰ/ਰਾਜ ਸਰਕਾਰ/ਜਨਤਕ ਖੇਤਰ ਦੀਆਂ ਇਕਾਈਆਂ/ਜਨਤਕ ਲਿਮਿਟਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਫੋਟੋ ਵਾਲੇ ਸੇਵਾ ਪਛਾਣ ਪੱਤਰ ਵੀ ਸ਼ਾਮਲ ਹਨ।’ -ਪੀਟੀਆਈ