ਬਿਹਾਰ ਚੋਣਾਂ: ਐੱਨ ਡੀ ਏ ਵੱਲੋਂ ਚੋਣ ਮੈਨੀਫੈਸਟੋ ਜਾਰੀ
ਇੱਕ ਕਰੋੜ ਨੌਜਵਾਨਾਂ ਨੂੰ ਨੌਕਰੀਆਂ, ਮੁਫ਼ਤ ਸਿੱਖਿਆ, ਬੁਨਿਆਦੀ ਢਾਂਚੇ ਦੇ ਵਿਕਾਸ ਦਾ ਵਾਅਦਾ
ਐਨ ਡੀ ਏ (NDA) ਨੇ ਸ਼ੁੱਕਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਜਿਸ ਵਿੱਚ ਹੋਰਨਾਂ ਚੀਜ਼ਾਂ ਦੇ ਨਾਲ-ਨਾਲ ਇੱਕ ਕਰੋੜ ਨੌਜਵਾਨਾਂ ਨੂੰ ਨੌਕਰੀਆਂ, ਇੱਕ ਕਰੋੜ 'ਲੱਖਪਤੀ ਦੀਦੀ' ਬਣਾਉਣ, ਚਾਰ ਹੋਰ ਸ਼ਹਿਰਾਂ ਵਿੱਚ ਮੈਟਰੋ ਰੇਲ ਸੇਵਾਵਾਂ ਅਤੇ ਸੂਬੇ ਵਿੱਚ ਸੱਤ ਅੰਤਰਰਾਸ਼ਟਰੀ ਹਵਾਈ ਅੱਡਿਆਂ ਦਾ ਵਾਅਦਾ ਕੀਤਾ ਗਿਆ ਹੈ।
ਇਸ ਤੋਂ ਇਲਵਾ ਸੱਤ ਐਕਸਪ੍ਰੈਸਵੇਅ, 10 ਉਦਯੋਗਿਕ ਪਾਰਕ, ਕੇਜੀ ਤੋਂ ਪੀਜੀ ਤੱਕ ਮੁਫ਼ਤ ਮਿਆਰੀ ਸਿੱਖਿਆ ਅਤੇ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਅਨੁਸੂਚਿਤ ਜਾਤੀ (SC) ਦੇ ਵਿਦਿਆਰਥੀਆਂ ਲਈ ਪ੍ਰਤੀ ਮਹੀਨਾ 2000 ਰੁਪਏ ਦੀ ਸਹਾਇਤਾ ਚੋਣ ਮੈਨੀਫੈਸਟੋ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਹਨ।
69 ਪੰਨਿਆਂ ਦੇ ਮੈਨੀਫੈਸਟੋ ਅਨੁਸਾਰ ਜੇ ਐਨਡੀਏ ਸੱਤਾ ਵਿੱਚ ਵਾਪਸ ਆਉਂਦੀ ਹੈ, ਤਾਂ ਉਹ ਇੱਕ ਵਿਸ਼ਵ-ਪੱਧਰੀ ਮੈਡੀਸਿਟੀ, ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ, ਮੁਫ਼ਤ ਰਾਸ਼ਨ, 5 ਲੱਖ ਤੱਕ ਦਾ ਮੁਫ਼ਤ ਇਲਾਜ ਅਤੇ 50 ਲੱਖ ਹੋਰ ਪੱਕੇ ਮਕਾਨ ਵੀ ਬਣਾਏਗੀ।
ਐੱਨਡੀਏ ਵੱਲੋਂ ਚੋਣ ਮੈਨੀਫੈਸਟੋ ਇੱਕ ਪ੍ਰੈੱਸ ਕਾਨਫਰੰਸ ਵਿੱਚ ਜਾਰੀ ਕੀਤਾ ਗਿਆ, ਜਿਸ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਜੀਤਨ ਰਾਮ ਮਾਂਝੀ, ਚਿਰਾਗ ਪਾਸਵਾਨ ਅਤੇ ਗਠਜੋੜ ਭਾਈਵਾਲਾਂ ਦੇ ਆਗੂ ਸ਼ਾਮਲ ਹੋਏ।

