ਬਿਹਾਰ ਚੋਣਾਂ: ਦੂਜੇ ਗੇੜ ਲਈ ਅੱਜ ਬੰਦ ਹੋਵੇਗਾ ਚੋਣ ਪ੍ਰਚਾਰ; ਆਖਰੀ ਗੇੜ ’ਚ ਰਿਕਾਰਡ ਪੋਲਿੰਗ ਦੀ ਉਮੀਦ
Bihar Elections 2025: ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਗੇੜ ਲਈ ਚੋਣ ਪ੍ਰਚਾਰ ਅੱਜ ਸ਼ਾਮੀਂ 5 ਵਜੇ ਖਤਮ ਹੋ ਜਾਵੇਗਾ। ਦੂਜੇ ਗੇੜ ਵਿਚ 11 ਨਵੰਬਰ ਨੂੰ 20 ਜ਼ਿਲ੍ਹਿਆਂ ਦੀਆਂ 122 ਸੀਟਾਂ ਲਈ ਵੋਟਾਂ ਪੈਣਗੀਆਂ। ਸ਼ਾਮੀਂ ਪੰਜ ਵਜੇ ਤੋਂ...
Bihar Elections 2025: ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਗੇੜ ਲਈ ਚੋਣ ਪ੍ਰਚਾਰ ਅੱਜ ਸ਼ਾਮੀਂ 5 ਵਜੇ ਖਤਮ ਹੋ ਜਾਵੇਗਾ। ਦੂਜੇ ਗੇੜ ਵਿਚ 11 ਨਵੰਬਰ ਨੂੰ 20 ਜ਼ਿਲ੍ਹਿਆਂ ਦੀਆਂ 122 ਸੀਟਾਂ ਲਈ ਵੋਟਾਂ ਪੈਣਗੀਆਂ। ਸ਼ਾਮੀਂ ਪੰਜ ਵਜੇ ਤੋਂ ਬਾਅਦ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਇਕੱਠ, ਰੈਲੀ ਜਾਂ ਰੋਡ ਸ਼ੋਅ ’ਤੇ ਮੁਕੰਮਲ ਪਾਬੰਦੀ ਰਹੇਗੀ।
ਦੂਜੇ ਪੜਾਅ ਵਿੱਚ ਜਿਨ੍ਹਾਂ 20 ਜ਼ਿਲ੍ਹਿਆਂ ਵਿੱਚ ਵੋਟਿੰਗ ਹੋਵੇਗੀ, ਉਨ੍ਹਾਂ ਵਿੱਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸੀਤਾਮੜੀ, ਸ਼ਿਵਹਾਰ, ਮਧੂਬਨੀ, ਸੁਪੌਲ, ਅਰਰੀਆ, ਕਿਸ਼ਨਗੰਜ, ਪੂਰਨੀਆ, ਕਟਿਹਾਰ, ਭਾਗਲਪੁਰ, ਬਾਂਕਾ, ਜਮੂਈ, ਨਵਾਦਾ, ਗਯਾ, ਔਰੰਗਾਬਾਦ, ਜਹਾਨਾਬਾਦ, ਅਰਵਾਲ, ਕੈਮੂਰ ਅਤੇ ਰੋਹਤਾਸ ਸ਼ਾਮਲ ਹਨ। ਆਜ਼ਾਦੀ ਤੋਂ ਬਾਅਦ ਚੋਣਾਂ ਦੇ ਪਹਿਲੇ ਗੇੜ ਵਿੱਚ 65 ਪ੍ਰਤੀਸ਼ਤ ਤੋਂ ਵੱਧ ਦੀ ਪੋਲਿੰਗ ਨੂੰ ਦੇਖਦੇ ਹੋਏ, ਦੂਜੇ ਪੜਾਅ ਵਿੱਚ ਵੀ ਰਿਕਾਰਡ ਪੋਲਿੰਗ ਹੋਣ ਦੀ ਉਮੀਦ ਹੈ।
ਪਹਿਲੇ ਗੇੜ ਵਿਚ ਮਰਦਾਂ ਦੇ ਮੁਕਾਬਲੇ ਮਹਿਲਾਵਾਂ ਨੇ ਵੱਧ ਵੋਟ ਪਾਈ। ਕੁੱਲ ਵੋਟਿੰਗ ਫੀਸਦ 65.08 ਪ੍ਰਤੀਸ਼ਤ ਸੀ। ਔਰਤਾਂ ਦੀ ਵੋਟਿੰਗ ਫੀਸਦ 69.04 ਸੀ ਜਦੋਂ ਕਿ ਮਰਦਾਂ ਦੀ 61.56 ਫੀਸਦ ਸੀ। ਮੀਨਾਪੁਰ ਸੀਟ ’ਤੇ ਸਭ ਤੋਂ ਵੱਧ 77.54 ਵੋਟਿੰਗ ਫੀਸਦ ਦਰਜ ਕੀਤੀ ਗਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਈ ਮੰਤਰੀ ਪਹਿਲੇ ਗੇੜ ਵਿੱਚ ਚੋਣਾਂ ਲੜ ਰਹੇ ਸਨ, ਜਿਨ੍ਹਾਂ ਵਿੱਚ ਸੁਪੌਲ ਤੋਂ ਬਿਜੇਂਦਰ ਪ੍ਰਸਾਦ ਯਾਦਵ, ਚਕਾਈ ਤੋਂ ਸੁਮਿਤ ਕੁਮਾਰ ਸਿੰਘ, ਝਾਂਝਰਪੁਰ ਤੋਂ ਨਿਤੀਸ਼ ਮਿਸ਼ਰਾ, ਅਮਰਪੁਰ ਤੋਂ ਜਯੰਤ ਰਾਜ, ਛੱਤਾਪੁਰ ਤੋਂ ਨੀਰਜ ਕੁਮਾਰ ਸਿੰਘ ਬਬਲੂ, ਬੇਤੀਆ ਤੋਂ ਰੇਣੂ ਦੇਵੀ, ਧਮਦਾਹਾ ਤੋਂ ਲੇਸ਼ੀ ਸਿੰਘ, ਹਰਸਿਧੀ ਤੋਂ ਕ੍ਰਿਸ਼ਨਾਨੰਦਨ ਪਾਸਵਾਨ ਅਤੇ ਚੈਨਪੁਰ ਤੋਂ ਜਾਮਾ ਖਾਨ ਸ਼ਾਮਲ ਹਨ।
ਇਸ ਦੌਰਾਨ ਦੂਜੇ ਗੇੜ ਵਿੱਚ ਮਹਾਂਗਠਜੋੜ ਦੇ ਸੀਨੀਅਰ ਆਰਜੇਡੀ ਆਗੂ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਉਦੈ ਨਾਰਾਇਣ ਚੌਧਰੀ, ਸੂਬਾ ਕਾਂਗਰਸ ਪ੍ਰਧਾਨ ਰਾਜੇਸ਼ ਰਾਮ, ਕਟਿਹਾਰ ਦੇ ਕਡਵਾ ਹਲਕੇ ਤੋਂ ਕਾਂਗਰਸ ਵਿਧਾਇਕ ਦਲ ਦੇ ਨੇਤਾ ਸ਼ਕੀਲ ਅਹਿਮਦ ਖਾਨ ਅਤੇ ਸੀਪੀਆਈ (ਐਮਐਲ) ਵਿਧਾਇਕ ਦਲ ਦੇ ਨੇਤਾ ਮਹਿਬੂਬ ਆਲਮ ਚੋਣ ਲੜ ਰਹੇ ਹਨ। ਦੂਜੇ ਗੇੜ ਵਿਚ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦੇ ਅਹਿਮ ਭਾਈਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 53 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਪਹਿਲੇ ਗੇੜ ਵਿੱਚ 48 ਭਾਜਪਾ ਉਮੀਦਵਾਰਾਂ ਦੀ ਕਿਸਮਤ ਪਹਿਲਾਂ ਹੀ ਈਵੀਐਮ ਵਿੱਚ ਸੀਲ ਹੋ ਚੁੱਕੀ ਹੈ।
ਦੂਜੇ ਗੇੜ ਵਿੱਚ ਜਨਤਾ ਦਲ (ਯੂਨਾਈਟਿਡ) ਦੇ 44, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ 15, ਰਾਸ਼ਟਰੀ ਲੋਕ ਮੋਰਚਾ (ਆਰਐਲਐਮ) ਦੇ ਚਾਰ ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਐਚਏਐਮ) ਦੇ ਛੇ ਉਮੀਦਵਾਰ ਵੀ ਮੈਦਾਨ ਵਿੱਚ ਹਨ। ਐਨਡੀਏ ਦੇ ਸਟਾਰ ਪ੍ਰਚਾਰਕਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਨਿਤੀਸ਼ ਕੁਮਾਰ, ਭਾਜਪਾ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ, ਭਾਜਪਾ ਦੇ ਬਿਹਾਰ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਅਤੇ ਜੀਤਨ ਰਾਮ ਮਾਂਝੀ ਸ਼ਾਮਲ ਸਨ।
ਦੂਜੇ ਪਾਸੇ ਮਹਾਂਗਠਜੋੜ ਵਿੱਚ ਆਰਜੇਡੀ 72 ਸੀਟਾਂ, ਕਾਂਗਰਸ 37 ਸੀਟਾਂ, ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) 10 ਸੀਟਾਂ ਅਤੇ ਹੋਰ ਸਹਿਯੋਗੀ ਪੰਜ ਸੀਟਾਂ ’ਤੇ ਚੋਣ ਲੜ ਰਹੇ ਹਨ। ਇਸ ਮੁਹਿੰਮ ਦੀ ਅਗਵਾਈ ਆਰਜੇਡੀ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ, ਕਾਂਗਰਸ ਨੇਤਾ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਵੀਆਈਪੀ ਮੁਖੀ ਮੁਕੇਸ਼ ਸਾਹਨੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕੀਤੀ। ਦੂਜੇ ਗੇੜ ਵਿੱਚ, 11 ਨਵੰਬਰ ਨੂੰ ਸਵੇਰੇ 7 ਵਜੇ ਤੋਂ ਰਾਜ ਦੇ 20 ਜ਼ਿਲ੍ਹਿਆਂ ਵਿੱਚ 122 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਹੋਵੇਗੀ।
ਇੋਸ ਗੇੜ ਵਿਚ 1,302 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 136 ਔਰਤਾਂ, 1,165 ਪੁਰਸ਼ ਅਤੇ ਇੱਕ ਤੀਜੇ ਲਿੰਗ ਦਾ ਉਮੀਦਵਾਰ ਸ਼ਾਮਲ ਹੈ। ਕੁੱਲ 37,013,556 ਵੋਟਰ ਆਪਣੀ ਵੋਟ ਪਾਉਣਗੇ। ਇਸ ਗੇੜ ਲਈ ਕੁੱਲ 45,399 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 40,073 ਪੇਂਡੂ ਅਤੇ 5,326 ਸ਼ਹਿਰੀ ਬੂਥ ਸ਼ਾਮਲ ਹਨ।
ਖੇਤਰਫਲ ਦੇ ਲਿਹਾਜ਼ ਨਾਲ ਦੂਜੇ ਗੇੜ ਵਿੱਚ ਸਭ ਤੋਂ ਛੋਟਾ ਵਿਧਾਨ ਸਭਾ ਹਲਕਾ ਭਾਗਲਪੁਰ (23.887 ਵਰਗ ਕਿਲੋਮੀਟਰ) ਹੈ, ਜਦੋਂ ਕਿ ਸਭ ਤੋਂ ਵੱਡਾ ਚੈਨਪੁਰ (1814.15 ਵਰਗ ਕਿਲੋਮੀਟਰ) ਹੈ। ਵੋਟਰਾਂ ਦੀ ਗਿਣਤੀ ਦੇ ਲਿਹਾਜ਼ ਨਾਲ, ਮਖਦੂਮਪੁਰ ਵਿੱਚ ਸਭ ਤੋਂ ਘੱਟ 247,574 ਵੋਟਰ ਹਨ, ਅਤੇ ਹਿਸੁਆ ਵਿੱਚ ਸਭ ਤੋਂ ਵੱਧ 367,667 ਵੋਟਰ ਹਨ। ਦੂਜੇ ਪੜਾਅ ਲਈ ਸਭ ਤੋਂ ਸੰਵੇਦਨਸ਼ੀਲ ਵਿਧਾਨ ਸਭਾ ਹਲਕੇ ਅਤੇ ਬੂਥਾਂ ਦੀ ਪਛਾਣ ਕੀਤੀ ਗਈ ਹੈ।
ਇਮਾਮਗੰਜ ਵਿਧਾਨ ਸਭਾ ਹਲਕੇ ਦੇ ਸੱਤ ਬੂਥਾਂ ’ਤੇ ਦੁਪਹਿਰ 3 ਵਜੇ ਤੱਕ ਅਤੇ 354 ਬੂਥਾਂ ’ਤੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਬੋਧਗਯਾ ਵਿੱਚ 200 ਬੂਥਾਂ ’ਤੇ ਸ਼ਾਮ 4 ਵਜੇ ਤੱਕ ਅਤੇ 106 ਬੂਥਾਂ ’ਤੇ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਚੈਨਪੁਰ, ਰਾਜੌਲੀ, ਗੋਵਿੰਦਪੁਰ, ਸਿਕੰਦਰ, ਜਮੁਈ, ਝਝਾ ਅਤੇ ਚਕਾਈ ਦੇ ਸਾਰੇ ਬੂਥਾਂ +ਤੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ।

