ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਚੋਣ ਪ੍ਰਚਾਰ ਅੱਜ ਸ਼ਾਮ ਥੰਮ੍ਹ ਗਿਆ ਹੈ। ਪਹਿਲੇ ਗੇੜ ਤਹਿਤ 121 ਸੀਟਾਂ ਲਈ ਵੋਟਾਂ ਪੈਣਗੀਆਂ। ਸ਼ਾਮ ਛੇ ਵਜੇ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਸੱਤਾ ਧਿਰ ਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਆਖਰੀ ਦਿਨ ਵੋਟਰਾਂ ਤੱਕ ਪਹੁੰਚਣ ’ਚ ਕੋਈ ਕਸਰ ਨਹੀਂ ਛੱਡੀ। ਚੋਣ ਕਮਿਸ਼ਨ ਨੇ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ।
ਚੋਣ ਕਮਿਸ਼ਨ ਨੇ ਸਾਰੇ ਨਿਗਰਾਨਾਂ ਨੂੰ ਹਦਾਇਤ ਕੀਤੀ ਹੈ ਕਿ ਵੋਟਿੰਗ ਕੇਂਦਰਾਂ ’ਤੇ ਮੇਲੇ ਜਿਹਾ ਮਾਹੌਲ ਬਣਾਇਆ ਜਾਵੇ ਤਾਂ ਜੋ ਵੋਟ ਪਾਉਣ ਲਈ ਵੱਡੀ ਗਿਣਤੀ ਵੋਟਰ ਆਉਣ। ਕਮਿਸ਼ਨ ਨੇ ਬੂਥਾਂ ’ਤੇ ਸੌ ਫੀਸਦ ਵੈੱਬਕਾਸਟਿੰਗ, ਨਵੀਂ ਵੋਟਰ ਸੂਚੀ ਪਰਚੇ ਦੀ ਸਹੂਲਤ ਤੇ ਈ ਵੀ ਐੱਮ ਨੈੱਟ ਐਪ ਰਾਹੀਂ ਵੋਟਿੰਗ ਰਿਪੋਰਟਿੰਗ ਜਿਹੀਆਂ ਤਕਨੀਕਾਂ ਲਾਗੂ ਕੀਤੀਆਂ ਹਨ। ਪਹਿਲੇ ਗੇੜ ਲਈ 121 ਆਮ, 18 ਪੁਲੀਸ ਤੇ 33 ਖਰਚਾ ਨਿਗਰਾਨ ਨਿਯੁਕਤ ਕੀਤੇ ਗਏ ਹਨ। ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਦਿਹਾਤੀ ਇਲਾਕਿਆਂ ’ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕੁੱਲ 3,75,13,302 ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਚੋਣ ਕਮਿਸ਼ਨ ਨੇ ਦੱਸਿਆ ਕਿ ਇਸ ਗੇੜ ਤਹਿਤ ਮਧੇਪੁਰਾ, ਸਹਿਰਸਾ, ਦਰਭੰਗਾ, ਮੁਜ਼ੱਫਰਨਗਰ, ਗੋਪਾਲਗੰਜ, ਸੀਵਾਨ, ਸਾਰਨ, ਵੈਸ਼ਾਲੀ, ਸਮਸਤੀਪੁਰ, ਬੇਗੂਸਰਾਇ, ਖਗੜੀਆ, ਮੁੰਗੇਰ, ਲਖੀਸਰਾਏ, ਸ਼ੇਖਪੁਰਾ, ਨਾਲੰਦਾ, ਪਟਨਾ, ਭੋਜਪੁਰ ਤੇ ਬਕਸਰ ਜ਼ਿਲ੍ਹਿਆਂ ’ਚ ਵੋਟਾਂ ਪੈਣਗੀਆਂ ਤੇ ਇਸ ਦੌਰਾਨ ਮਹਾਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ, ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤੇ ਵਿਜੈ ਸਿਨਹਾ, ਲੋਕ ਗਾਇਕਾ ਮੈਥਿਲੀ ਠਾਕੁਰ, ਭੋਜਪੁਰੀ ਅਦਾਕਾਰ ਖੇਸਾਰੀ ਲਾਲ ਯਾਦਵ, ਜਨਸ਼ਕਤੀ ਜਨਤਾ ਦਲ ਦੇ ਤੇਜ ਪ੍ਰਤਾਪ ਯਾਦਵ, ਜੇ ਡੀ (ਯੂ) ਦੇ ਸੂਬਾ ਪ੍ਰਧਾਨ ਉਮੇਸ਼ ਕੁਸ਼ਵਾਹਾ ਤੇ ਭੋਲਾ ਯਾਦਵ ਜਿਹੇ ਉਮੀਦਵਾਰਾਂ ਦੀ ਕਿਸਮਤ ਈ ਵੀ ਐੱਮ ’ਚ ਬੰਦ ਹੋ ਜਾਵੇਗੀ।
ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇ ਪੀ ਨੱਢਾ, ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰੈਲੀਆਂ ਤੇ ਰੋਡ ਸ਼ੋਅ ਕੀਤੇ; ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਰੈਲੀਆਂ ਨੂੰ ਸੰਬੋਧਨ ਕੀਤਾ।
ਵਿਦੇਸ਼ੀ ਮਹਿਮਾਨ ਬਣਨਗੇ ਚੋਣਾਂ ਦੇ ਗਵਾਹ
ਨਵੀਂ ਦਿੱਲੀ: ਚੋਣ ਕਮਿਸ਼ਨ ਦੇ ਵਿਦੇਸ਼ੀ ਮਹਿਮਾਨ ਪ੍ਰੋਗਰਾਮ ਤਹਿਤ ਸੱਤ ਮੁਲਕਾਂ ਦੇ 14 ਨੁਮਾਇੰਦੇ ਬਿਹਾਰ ਚੋਣਾਂ ਦੇ ਪਹਿਲੇ ਗੇੜ ਦੇ ਗਵਾਹ ਬਣਨਗੇ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਚੋਣ ਕਮਿਸ਼ਨਰ ਵਿਵੇਕ ਜੋਸ਼ੀ ਨੇ ਵੋਟਿੰਗ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਜਾਣ ਵਾਲੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ। ਫਰਾਂਸ, ਦੱਖਣੀ ਅਫਰੀਕਾ, ਬੈਲਜੀਅਮ, ਇੰਡੋਨੇਸ਼ੀਆ, ਫਿਲਪੀਨਜ਼, ਥਾਈਲੈਂਡ ਤੇ ਕੋਲੰਬੀਆ ਦੇ 14 ਨੁਮਾਇੰਦਿਆਂ ਨੇ ਉਦਘਾਟਨੀ ਸੈਸ਼ਨ ’ਚ ਹਿੱਸਾ ਲਿਆ ਜਿੱਥੇ ਉਨ੍ਹਾਂ ਨੂੰ ਈ ਵੀ ਐੱਮ ਤੇ ਚੋਣਾਂ ਦੇ ਵੱਖ ਵੱਖ ਪੱਖਾਂ ਬਾਰੇ ਦੱਸਿਆ ਗਿਆ। ਇਹ ਮਹਿਮਾਨ 5-6 ਨਵੰਬਰ ਨੂੰ ਬਿਹਾਰ ਦਾ ਦੌਰਾ ਕਰਨਗੇ ਤੇ ਵੋਟਿੰਗ ਪ੍ਰਕਿਰਿਆ ਦੇਖਣਗੇ। -ਪੀਟੀਆਈ

