Bihar Election: ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ
ਚੋਣਾਂ ਬਾਰੇ ਸੁਝਾਵਾਂ ’ਤੇ ਕੀਤੀ ਚਰਚਾ; ਛੱਠ ਪੂਜਾ ਤੋਂ ਤੁਰੰਤ ਬਾਅਦ ਚੋਣਾਂ ਕਰਾੳੁਣ ਦੀ ਮੰਗ
ਚੋਣ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਸੁਝਾਵਾਂ ਬਾਰੇ ਚਰਚਾ ਕੀਤੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਵੀ ਹਾਜ਼ਰ ਸਨ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੀ ਬੁਨਿਆਦ ਹੋਣ ਦੇ ਨਾਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਲਈ ਹਰ ਕਦਮ ’ਤੇ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਚੋਣਾਂ ਦੌਰਾਨ ਸੁਖਾਵਾਂ ਮਾਹੌਲ ਬਣਾਉਣ ਦੇ ਨਾਲ ਨਾਲ ਵੋਟਰਾਂ ਦਾ ਸਨਮਾਨ ਕਰਨ। ਕਮਿਸ਼ਨ ਨੇ ਪਾਰਟੀਆਂ ਨੂੰ ਕਿਹਾ ਕਿ ਉਹ ਹਰ ਬੂਥ ’ਤੇ ਆਪਣਾ ਪੋਲਿੰਗ ਏਜੰਟ ਨਿਯੁਕਤ ਕਰਨਾ ਨਾ ਭੁੱਲਣ। ਉਨ੍ਹਾਂ ਹਾਲ ਹੀ ਵਿੱਚ ਵੋਟਰ ਸੂਚੀ ’ਚ ਸੋਧ ਲਈ ਚਲਾਈ ਗਈ ਵਿਸ਼ੇਸ਼ ਮੁੜ ਸੁਧਾਈ (ਐੱਸ ਆਈ ਆਰ) ਮੁਹਿੰਮ ਨੂੰ ਇਤਿਹਾਸਕ, ਪਾਰਦਰਸ਼ੀ ਤੇ ਠੋਸ ਕਦਮ ਦਸਦਿਆਂ ਪਾਰਟੀਆਂ ਦੀ ਸਰਗਰਮ ਹਿੱਸੇਦਾਰੀ ਦੀ ਵੀ ਸ਼ਲਾਘਾ ਕੀਤੀ। ਇਸੇ ਦੌਰਾਨ ਸਿਆਸੀ ਪਾਰਟੀਆਂ ਦੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਛੱਠ ਪੂਜਾ ਤੋਂ ਤੁਰੰਤ ਬਾਅਦ ਚੋਣਾਂ ਕਰਵਾਈਆਂ ਜਾਣ ਤਾਂ ਜੋ ਚੋਣਾਂ ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।
ਉੱਧਰ ਬਿਹਾਰ ਭਾਜਪਾ ਦੇ ਪ੍ਰਧਾਨ ਦਿਲੀਪ ਜੈਸਵਾਲ ਨੇ ਚੋਣ ਕਮਿਸ਼ਨ ਨੂੰ ਵਿਧਾਨ ਸਭਾ ਚੋਣਾਂ ਇੱਕ ਜਾਂ ਦੋ ਗੇੜਾਂ ’ਚ ਕਰਾਉਣ ਅਤੇ ਵੋਟ ਕੇਂਦਰਾਂ ’ਤੇ ਬੁਰਕਾ ਪਹਿਨ ਕੇ ਪਹੁੰਚਣ ਵਾਲੀਆਂ ਮਹਿਲਾਵਾਂ ਦੇ ਚਿਹਰੇ ਦਾ ਮਿਲਾਨ ਵੋਟਰ ਪਛਾਣ ਪੱਤਰ ਨਾਲ ਕਰਨ ਦੀ ਮੰਗ ਕੀਤੀ। -ਪੀਟੀਆਈ