Bihar Bandh: ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਖਿਲਾਫ਼ ਚੱਕਾ ਜਾਮ; ਰਾਹੁਲ ਤੇ ਤੇਜਸਵੀ ਸੜਕਾਂ ’ਤੇ ਉੱਤਰੇ
ਪਟਨਾ, 9 ਜੁਲਾਈ
Bihar Bandh: ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (Special Intensive Revision - SIR) ਖਿਲਾਫ਼ ਮਹਾਂਗੱਠਜੋੜ ਨੇ ਬੁੱਧਵਾਰ ਨੂੰ ਪੂਰੇ ਰਾਜ ਵਿਚ ਚੱਕਾ ਜਾਮ ਕੀਤਾ।
ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੀਤੀ। ਇਸ ਮੌਕੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਵੀ ਮੌਜੂਦ ਸਨ। ਪਟਨਾ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ’ਤੇ ਮਹਾਂਗੱਠਜੋੜ ਦੇ ਸਾਰੇ ਪ੍ਰਮੁੱਖ ਆਗੂ ਉੱਤਰੇ ਤੇ ਸੜਕਾਂ ’ਤੇ ਮਾਰਚ ਕੱਢਦੇ ਨਜ਼ਰ ਆਏ।
ਪ੍ਰਦਰਸ਼ਨਕਾਰੀ ਆਮਦਨ ਕਰ ਚੌਕ ਤੋਂ ਵੀਰਚੰਦ ਪਟੇਲ ਮਾਰਗ ਅਤੇ ਸ਼ਹੀਦ ਸਮਾਰਕ ਰਾਹੀਂ ਚੋਣ ਕਮਿਸ਼ਨ ਦਫ਼ਤਰ ਤੱਕ ਮਾਰਚ ਕਰ ਰਹੇ ਹਨ। ਮਹਾਂਗੱਠਜੋੜ ਦਾ ਦੋਸ਼ ਹੈ ਕਿ ਵੋਟਰ ਸੂਚੀ ਵਿੱਚ SIR ਪ੍ਰਕਿਰਿਆ ਰਾਹੀਂ ਹੇਰਾਫੇਰੀ ਕੀਤੀ ਜਾ ਰਹੀ ਹੈ ਅਤੇ ਵਿਰੋਧੀ ਵੋਟਰਾਂ ਨੂੰ ਜਾਣਬੁੱਝ ਕੇ ਸੂਚੀ ਵਿੱਚੋਂ ਹਟਾਇਆ ਜਾ ਰਿਹਾ ਹੈ।
ਪਟਨਾ ਦੇ ਆਇਕਰ ਗੋਲੰਬਰ ਤੋਂ ਸ਼ੁਰੂ ਹੋਏ ਵਿਰੋਧ ਮਾਰਚ ਦੌਰਾਨ ਰਾਹੁਲ ਗਾਂਧੀ ਹੋਰ ਆਗੂਆਂ ਨਾਲ ਇੱਕ ਵਾਹਨ ’ਤੇ ਸਵਾਰ ਹੋਏ। ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ (SIR) ਦੇ ਵਿਰੋਧ ਵਿੱਚ ਮਹਾਂਗੱਠਜੋੜ ਵੱਲੋਂ ਦਿੱਤੇ ਗਏ ਰਾਜ ਵਿਆਪੀ ਬੰਦ ਦੇ ਮੱਦੇਨਜ਼ਰ ਬੁੱਧਵਾਰ ਨੂੰ ਵਿਰੋਧੀ ਪਾਰਟੀਆਂ ਦੇ ਵਰਕਰ ਸੜਕਾਂ ’ਤੇ ਉਤਰ ਆਏ, ਜਿਸ ਕਾਰਨ ਰਾਜ ਦੇ ਕਈ ਹਿੱਸਿਆਂ ਵਿੱਚ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ।
ਪੂਰਨੀਆ ਤੋਂ ਆਜ਼ਾਦ ਲੋਕ ਸਭਾ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ, ਆਪਣੇ ਸਮਰਥਕਾਂ ਸਮੇਤ ‘ਸਕੱਤਰੇਤ ਹਾਲਟ’ ਰੇਲਵੇ ਸਟੇਸ਼ਨ ਪਹੁੰਚੇ ਅਤੇ ਰੇਲ ਆਵਾਜਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਯਾਦਵ ਦੇ ਸਮਰਥਕਾਂ ਨੇ ਪਟਨਾ ਦੇ ਕਈ ਇਲਾਕਿਆਂ ਦੇ ਨਾਲ-ਨਾਲ ਰਾਜ ਦੇ ਹੋਰ ਹਿੱਸਿਆਂ ਸਮੇਤ ਅਰਰੀਆ, ਪੂਰਨੀਆ, ਕਟਿਹਾਰ ਅਤੇ ਮੁਜ਼ੱਫਰਪੁਰ ਵਿੱਚ ਰੇਲ ਅਤੇ ਸੜਕ ਆਵਾਜਾਈ ਰੋਕੀ। ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਚੋਣ ਕਮਿਸ਼ਨ ਵੋਟਰ ਸੂਚੀ ਦੀ ਆਪਣੀ ਵਿਸ਼ੇਸ਼ ਸੋਧ ਮੁਹਿੰਮ ਰਾਹੀਂ ਪ੍ਰਵਾਸੀਆਂ, ਦਲਿਤਾਂ, ਮਹਾਦਲਿਤਾਂ ਅਤੇ ਗਰੀਬ ਵੋਟਰਾਂ ਦੇ ਵੋਟਿੰਗ ਅਧਿਕਾਰਾਂ ਨੂੰ ਖੋਹ ਰਿਹਾ ਹੈ। ਇਹ ਇਸ ਸਾਲ ਦੇ ਅੰਤ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਿੰਗ ਵਿੱਚ ਵਿਘਨ ਪਾਉਣ ਦੀ ਸਾਜ਼ਿਸ਼ ਹੈ।’’
ਰਾਸ਼ਟਰੀ ਜਨਤਾ ਦਲ (ਆਰਜੇਡੀ), ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) (ਸੀਪੀਆਈ-ਐਮ) ਦੇ ਵਰਕਰਾਂ ਨੇ ਵੀ ਅਰਵਲ, ਜਹਾਨਾਬਾਦ ਅਤੇ ਦਰਭੰਗਾ ਵਿੱਚ ਬਿਹਾਰ ਬੰਦ ਦੇ ਸਮਰਥਨ ਵਿੱਚ ਟਾਇਰ ਸਾੜੇ ਅਤੇ ਸੜਕਾਂ ਜਾਮ ਕੀਤੀਆਂ। ਇਸ ਦੌਰਾਨ, ਪਟਨਾ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨਗਰ ਪੰਚਾਇਤਾਂ ਦੀਆਂ ਉਪ ਚੋਣਾਂ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। (ਸਾਰੀਆਂ ਤਸਵੀਰਾਂ X ਅਕਾਊਂਟ @INCIndia ਤੋਂ)