ਵੱਡਾ ਫੇਰਬਦਲ: ਪੱਛਮੀ ਬੰਗਾਲ ਵਿੱਚ 527 ਅਧਿਕਾਰੀਆਂ ਦੇ ਤਬਾਦਲੇ
67 ਆੲੀ ਏ ਐੱਸ ਤੇ 460 ਹੋਰ ਅਧਿਕਾਰੀ ਬਦਲੇ; ਐਸ ਆੲੀ ਆਰ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੀਤਾ ਫੇਰਬਦਲ
ਪੱਛਮੀ ਬੰਗਾਲ ਸਰਕਾਰ ਨੇ ਅੱਜ ਸੂਬੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐਸ ਆਈ ਆਰ) ਤੋਂ ਪਹਿਲਾਂ ਹੀ 500 ਤੋਂ ਵੱਧ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਪਰਸੋਨਲ ਅਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨਾਂ ਅਨੁਸਾਰ 67 ਆਈ ਏ ਐੱਸ ਅਤੇ 460 ਪੱਛਮੀ ਬੰਗਾਲ ਸਿਵਲ ਸੇਵਾਵਾਂ (ਕਾਰਜਕਾਰੀ) ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ।
ਇਨ੍ਹਾਂ ਤਬਾਦਲਿਆਂ ਦੇ ਨੋਟੀਫਿਕੇਸ਼ਨ ਵਿਚ 24 ਅਕਤੂਬਰ ਦੀ ਤਰੀਕ ਪਾਈ ਗਈ ਹੈ। ਸੂਤਰਾਂ ਅਨੁਸਾਰ ਇਹ ਤਬਾਦਲੇ ਚੋਣ ਕਮਿਸ਼ਨ ਵਲੋਂ ਐਸ ਆਈ ਆਰ ਦੇ ਐਲਾਨ ਦੇ ਮੱਦੇਨਜ਼ਰ ਕੀਤੇ ਗਏ ਹਨ। ਦੂਜੇ ਪਾਸੇ ਭਾਜਪਾ ਨੇ ਦੋਸ਼ ਲਗਾਇਆ ਕਿ ਇਹ ਤਬਾਦਲੇ ਮਮਤਾ ਬੈਨਰਜੀ ਸਰਕਾਰ ਵੱਲੋਂ ਆਉਣ ਵਾਲੀ ਐਸ ਆਈ ਆਰ ਪ੍ਰਕਿਰਿਆ ਨੂੰ ਅਸਫਲ ਕਰਨ ਦੀ ਕੋਸ਼ਿਸ਼ ਵਜੋਂ ਕੀਤੇ ਗਏ ਹਨ ਪਰ ਸੱਤਾਧਾਰੀ ਟੀ ਐਮ ਸੀ ਨੇ ਇਸ ਨੂੰ ਆਮ ਵਾਂਗ ਕੀਤੇ ਤਬਾਦਲੇ ਕਿਹਾ ਹੈ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਪੱਛਮੀ ਬੰਗਾਲ ਸਮੇਤ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਸ ਆਈ ਆਰ ਦਾ ਦੂਜਾ ਪੜਾਅ ਮੁਕੰਮਲ ਕਰਵਾਏਗਾ ਜਿੱਥੇ ਅਗਲੇ ਸਾਲ ਚੋਣਾਂ ਹੋਣੀਆਂ ਹਨ। ਇਹ ਅਭਿਆਸ 4 ਨਵੰਬਰ ਨੂੰ ਸ਼ੁਰੂ ਹੋਵੇਗਾ ਅਤੇ 4 ਦਸੰਬਰ ਤੱਕ ਜਾਰੀ ਰਹੇਗਾ। ਵੋਟਰ ਸੂਚੀਆਂ ਦਾ ਖਰੜਾ 9 ਦਸੰਬਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਅੰਤਿਮ ਸੂਚੀਆਂ 7 ਫਰਵਰੀ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਅੱਜ ਸ਼ਾਮ ਵੇਲੇ ਚੋਣ ਕਮਿਸ਼ਨ ਨੇ ਐਸ ਆਈ ਆਰ ਦੇ ਦੂਜੇ ਗੇੜ ਬਾਰੇ ਜਾਣਕਾਰੀ ਦਿੱਤੀ ਸੀ।

