Bengaluru stampede: ਬੰਗਲੁਰੂ ਭਗਦੜ ਸਬੰਧੀ RCB ਤੇ ਇਵੈਂਟ ਮੈਨੇਜਮੈਂਟ ਫਰਮ ਦੇ ਅਧਿਕਾਰੀ ਗ੍ਰਿਫਤਾਰ
KSCA ਦੇ ਅਹੁਦੇਦਾਰਾਂ ਨੇ ਆਪਣੇ ਖ਼ਿਲਾਫ਼ ਦਰਜ ਐਫ਼ਆਈਆਰ ਰੱਦ ਕਰਾਉਣ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ
ਬੰਗਲੁਰੂ, 6 ਜੂਨ
ਪੁਲੀਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚਿੰਨਾਸਵਾਮੀ ਸਟੇਡੀਅਮ (Chinnaswamy stadium, Bengaluru) ਦੇ ਬਾਹਰ ਹੋਈ ਭਗਦੜ ਦੇ ਸਬੰਧ ਵਿੱਚ ਰਾਇਲ ਚੈਲੇਂਜਰਜ਼ ਬੰਗਲੂਰੂ (RCB) ਅਤੇ ਇਵੈਂਟ ਮੈਨੇਜਮੈਂਟ ਫਰਮ DNA ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਚਾਰ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕ੍ਰਾਈਮ ਬ੍ਰਾਂਚ ਅਤੇ ਬੰਗਲੁਰੂ ਪੁਲੀਸ ਵੱਲੋਂ ਇੱਕ ਸਾਂਝੇ ਅਪ੍ਰੇਸ਼ਨ ਵਿੱਚ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਪੀ.ਟੀ.ਆਈ. ਵੀਡੀਓਜ਼ ਨਾਲ ਗੱਲ ਕਰਦੇ ਹੋਏ, ਬੰਗਲੁਰੂ ਪੁਲੀਸ ਕਮਿਸ਼ਨਰ ਸੀਮੰਤ ਕੁਮਾਰ ਸਿੰਘ ਨੇ ਪੁਸ਼ਟੀ ਕੀਤੀ ਕਿ ਭਗਦੜ ਮਾਮਲੇ ਵਿੱਚ ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ, “ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਸਾਡੀਆਂ ਟੀਮਾਂ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀਆਂ ਹਨ ਅਤੇ ਅੰਤ ਵਿੱਚ ਮਾਮਲਾ CID ਕੋਲ ਜਾਣਾ ਪਵੇਗਾ। ਇਸ ਲਈ CID ਕੋਲ ਜਾਣ ਤੋਂ ਪਹਿਲਾਂ, ਸਾਡੀ ਟੀਮ ਦੁਆਰਾ ਜੋ ਵੀ ਕਾਨੂੰਨੀ ਰਸਮਾਂ ਤੇ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ, ਉਹ ਉਹ ਕਰ ਰਹੀਆਂ ਹਨ।’’
ਸੂਤਰਾਂ ਨੇ ਦੱਸਿਆ ਕਿ ਆਰਸੀਬੀ ਦੇ ਮਾਰਕੀਟਿੰਗ ਅਤੇ ਮਾਲੀਆ ਮੁਖੀ ਨਿਖਿਲ ਸੋਸਾਲੇ, ਡੀਐਨਏ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਤੋਂ ਸੁਨੀਲ ਮੈਥਿਊ ਅਤੇ ਕਿਰਨ ਕੁਮਾਰ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁੱਛਗਿੱਛ ਲਈ ਕਬਨ ਪਾਰਕ ਪੁਲੀਸ ਸਟੇਸ਼ਨ ਲਿਆਂਦਾ ਗਿਆ, ਉਨ੍ਹਾਂ ਕਿਹਾ ਕਿ ਡਾਕਟਰੀ ਜਾਂਚ ਤੋਂ ਬਾਅਦ ਅੱਗੇ ਦੀ ਪ੍ਰਕਿਰਿਆ ਅਪਣਾਈ ਜਾਵੇਗੀ।
ਪੁਲੀਸ ਕਾਰਵਾਈ ਵੀਰਵਾਰ ਨੂੰ ਆਰਸੀਬੀ, ਈਵੈਂਟ ਮੈਨੇਜਮੈਂਟ ਫਰਮ ਡੀਐਨਏ ਅਤੇ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (KSCA) ਵਿਰੁੱਧ ਦਰਜ ਕੀਤੀ ਗਈ ਐਫਆਈਆਰ ਤੋਂ ਬਾਅਦ ਹੋਈ। ਭਗਦੜ ਬੁੱਧਵਾਰ ਸ਼ਾਮ ਨੂੰ ਸਟੇਡੀਅਮ ਦੇ ਸਾਹਮਣੇ ਹੋਈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਰਸੀਬੀ ਟੀਮ ਦੇ ਆਈਪੀਐਲ ਜਿੱਤ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਸਨ। ਇਸ ਕਾਰਨ 11 ਜਾਨਾਂ ਜਾਂਦੀਆਂ ਰਹੀਆਂ ਸਨ।
ਮੁੱਖ ਮੰਤਰੀ ਦੇ ਸਿਆਸੀ ਸਕੱਤਰ ਨੂੰ ਹਟਾਇਆ; ਏਡੀਜੀਪੀ ਇੰਟੈਲੀਜੈਂਸ ਦਾ ਤਬਾਦਲਾ
ਕਰਨਾਟਕ ਸਰਕਾਰ ਨੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ ਮਾਮਲੇ ਵਿਚ ਐੱਮਐੱਲਸੀ ਕੇ ਗੋਵਿੰਦਰਾਜ ਨੂੰ ਮੁੱਖ ਮੰਤਰੀ ਸਿੱਧਰਮਈਆ ਦੇ ਸਿਆਸੀ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਏਡੀਜੀਪੀ), ਇੰਟੈਲੀਜੈਂਸ, ਹੇਮੰਤ ਨਿੰਬਲਕਰ ਦਾ ਤਬਾਦਲਾ ਕਰ ਦਿੱਤਾ ਹੈ। ਹਾਲਾਂਕਿ ਗੋਵਿੰਦਰਾਜ ਨੂੰ ਹਟਾਉਣ ਦਾ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ, ਪਰ ਅਧਿਕਾਰਤ ਸੂਤਰਾਂ ਅਨੁਸਾਰ ਇਹ ਫੈਸਲਾ 4 ਜੂਨ ਦੀ ਘਟਨਾ ਨਾਲ ਜੁੜਿਆ ਹੋਇਆ ਹੈ। ਅਜੇ ਇਕ ਦਿਨ ਪਹਿਲਾਂ ਮੁੱਖ ਮੰਤਰੀ ਨੇ ਬੰਗਲੂਰੂ ਦੇ ਪੁਲੀਸ ਕਮਿਸ਼ਨਰ ਬੀ.ਦਇਆਨੰਦ ਤੇ ਚਾਰ ਹੋਰਨਾਂ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ।
KSCA ਅਹੁਦੇਦਾਰ FIR ਰੱਦ ਕਰਾਉਣ ਲਈ ਹਾਈ ਕੋਰਟ ਪੁੱਜੇ
ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (KSCA) ਦੇ ਪ੍ਰਧਾਨ ਰਘੂ ਰਾਮ ਭੱਟ ਅਤੇ ਕੁਝ ਹੋਰ ਅਹੁਦੇਦਾਰਾਂ ਨੇ ਸ਼ੁੱਕਰਵਾਰ ਨੂੰ ਕਰਨਾਟਕ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਚਿੰਨਾਸਵਾਮੀ ਸਟੇਡੀਅਮ ਭਗਦੜ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਦਰਜ FIR ਰੱਦ ਕਰਨ ਦੀ ਮੰਗ ਕੀਤੀ ਹੈ। ਪੁਲਸ ਨੇ ਵੀਰਵਾਰ ਨੂੰ RCB, ਇਵੈਂਟ ਮੈਨੇਜਮੈਂਟ ਫਰਮ DNA ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਅਤੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (KSCA) ਵਿਰੁੱਧ FIR ਦਰਜ ਕੀਤੀ।
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਵੀ ਵੀਰਵਾਰ ਨੂੰ ਰਾਜ ਦੇ DGP ਅਤੇ IGP ਨੂੰ ਭਗਦੜ ਦੇ ਸਬੰਧ ਵਿੱਚ RCB, DNA ਐਂਟਰਟੇਨਮੈਂਟ ਅਤੇ KSCA ਦੇ ਪ੍ਰਤੀਨਿਧੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਸਨ, ਕਿਉਂਕਿ ਪਹਿਲੀ ਨਜ਼ਰੇ ਉਨ੍ਹਾਂ ਵੱਲੋਂ "ਗੈਰ-ਜ਼ਿੰਮੇਵਾਰੀ" ਅਤੇ "ਲਾਪਰਵਾਹੀ" ਦਿਖਾਈ ਦੇ ਰਹੀ ਹੈ। ਪੀਟੀਆਈ