ਬੰਗਲੂਰੂ: ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿੰਨ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਨੂੰ ਹਰੀ ਝੰਡੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਤਿੰਨ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵਿਚੋਂ ਲੰਮੇਂ ਸਮੇਂ ਤੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਬੰਗਲੁਰੂ-ਬੇਲਾਗਵੀ ਵੰਦੇ ਭਾਰਤ ਐਕਸਪ੍ਰੈਸ ਨੂੰ ਪ੍ਰਧਾਨ ਮੰਤਰੀ ਨੇ ਨਿੱਜੀ ਤੌਰ ’ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਦੋਂਕਿ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਅੰਮ੍ਰਿਤਸਰ, ਅਤੇ ਅਜਨੀ (ਨਾਗਪੁਰ)-ਪੁਣੇ ਵੰਦੇ ਭਾਰਤ ਸੇਵਾਵਾਂ ਨੂੰ ਵਰਚੁਅਲੀ ਲਾਂਚ ਕੀਤਾ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਇਹ ਰੇਲਗੱਡੀਆਂ ਨਾ ਸਿਰਫ ਖੇਤਰੀ ਸੰਪਰਕ ਨੂੰ ਮਹੱਤਵਪੂਰਨ ਢੰਗ ਨਾਲ ਵਧਾਉਣਗੀਆਂ ਬਲਕਿ ਯਾਤਰਾ ਦਾ ਸਮਾਂ ਘਟਾਉਣਗੀਆਂ ਅਤੇ ਯਾਤਰੀਆਂ ਨੂੰ ‘ਵਿਸ਼ਵ ਪੱਧਰੀ’ ਯਾਤਰਾ ਅਨੁਭਵ ਪ੍ਰਦਾਨ ਕਰਨਗੀਆਂ।
ਇਸ ਮੌਕੇ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਸਿੱਧਰਮਈਆ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਸਮੇਤ ਹੋਰ ਲੋਕ ਮੌਜੂਦ ਸਨ। ਸੜਕ ਦੇ ਦੋਵੇਂ ਪਾਸੇ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਲੋਕਾਂ ਨੇ ਰੇਲਵੇ ਸਟੇਸ਼ਨ ਵੱਲ ਵੱਧ ਰਹੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਦਾ ਸਵਾਗਤ ‘ਮੋਦੀ, ਮੋਦੀ’ ਦੇ ਨਾਅਰਿਆਂ ਨਾਲ ਕੀਤਾ। ਸ੍ਰੀ ਮੋਦੀ ਨੇ ਵੀ ਆਪਣੀ ਕਾਰ ਅੰਦਰੋਂ ਉਨ੍ਹਾਂ ਵੱਲ ਹੱਥ ਹਿਲਾ ਕੇ ਜਵਾਬ ਦਿੱਤਾ।
ਬੰਗਲੁਰੂ-ਬੇਲਾਗਾਵੀ ਵੰਦੇ ਭਾਰਤ ਐਕਸਪ੍ਰੈਸ ਕਰਨਾਟਕ ਵਿੱਚ ਚੱਲਣ ਵਾਲੀ 11ਵੀਂ ਵੰਦੇ ਭਾਰਤ ਸੇਵਾ ਹੋਵੇਗੀ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਹ 611 ਕਿਲੋਮੀਟਰ ਦਾ ਸਫ਼ਰ ਸਿਰਫ਼ ਸਾਢੇ ਅੱਠ ਘੰਟਿਆਂ ਵਿੱਚ ਤੈਅ ਕਰਦੀ ਹੈ। ਇਹ ਇਨ੍ਹਾਂ ਦੋਵਾਂ ਸ਼ਹਿਰਾਂ ਵਿਚਕਾਰ ਸਭ ਤੋਂ ਤੇਜ਼ ਰੇਲਗੱਡੀ ਹੈ, ਜੋ ਮੌਜੂਦਾ ਸੇਵਾਵਾਂ ਦੇ ਮੁਕਾਬਲੇ ਕੇਐਸਆਰ ਬੰਗਲੁਰੂ ਤੋਂ ਬੇਲਾਗਾਵੀ ਤੱਕ ਲਗਪਗ 1 ਘੰਟਾ 20 ਮਿੰਟ ਅਤੇ ਬੇਲਾਗਾਵੀ-ਕੇਐਸਆਰ ਬੰਗਲੁਰੂ ਤੋਂ 1 ਘੰਟਾ 40 ਮਿੰਟ ਦੀ ਬੱਚਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਹ ਰੇਲਗੱਡੀ ਭਾਰਤ ਦੇ ਸਿਲੀਕਾਨ ਸਿਟੀ, ਬੰਗਲੁਰੂ ਨੂੰ ਬੇਲਾਗਾਵੀ ਨਾਲ ਜੋੜਦੀ ਹੈ, ਜੋ ਕਿ ਪ੍ਰਮੁੱਖ ਮੈਡੀਕਲ ਅਤੇ ਇੰਜਨੀਅਰਿੰਗ ਸੰਸਥਾਵਾਂ ਦਾ ਕੇਂਦਰ ਹੈ, ਜੋ ਆਰਥਿਕ ਅਤੇ ਵਿਦਿਅਕ ਮੌਕਿਆਂ ਨੂੰ ਉਤਸ਼ਾਹਿਤ ਕਰਦੀ ਹੈ।