ਬੰਗਲੂਰੂ ਸਿਟੀ ’ਵਰਸਿਟੀ ਦਾ ਨਾਮ ਮਨਮੋਹਨ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ
ਕਰਨਾਟਕ ਵਿਧਾਨ ਸਭਾ ਨੇ ਅੱਜ ਬੰਗਲੂਰੂ ਸਿਟੀ ਯੂਨੀਵਰਸਿਟੀ ਦਾ ਨਾਮ ਬਦਲ ਕੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਬੰਗਲੂਰੂ ਸਿਟੀ ਯੂਨੀਵਰਸਿਟੀ ਕਰਨ ਲਈ ਇੱਕ ਬਿੱਲ ਪਾਸ ਕੀਤਾ ਹੈ। ਬਿੱਲ ਅਨੁਸਾਰ, ਕਰਨਾਟਕ ਸਟੇਟ ਯੂਨੀਵਰਸਿਟੀਜ਼ ਐਕਟ, 2000 (ਕਰਨਾਟਕ ਐਕਟ 29 ਆਫ 2001) ਵਿੱਚ ਸੋਧ ਨੂੰ ਮਨਮੋਹਨ ਸਿੰਘ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਉਹ ਇੱਕ ਪ੍ਰਸਿੱਧ ਅਰਥ ਸ਼ਾਸਤਰੀ, ਸਿੱਖਿਆ ਮਾਹਿਰ, ਅਧਿਕਾਰੀ ਅਤੇ ਰਾਜਨੇਤਾ ਸਨ, ਜਿਨ੍ਹਾਂ ਨੇ ਦੇਸ਼ ਵਿੱਚ ਆਰਥਿਕ ਸੁਧਾਰਾਂ ਦੀ ਅਗਵਾਈ ਕੀਤੀ ਅਤੇ ਲਗਾਤਾਰ ਦੋ ਵਾਰ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਸੂਬੇ ਦੇ ਮੰਤਰੀ ਮੰਡਲ ਨੇ ਜੁਲਾਈ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਯੂਨੀਵਰਸਿਟੀ ਦਾ ਨਾਮ ਬਦਲਣ ਦਾ ਸਭ ਤੋਂ ਪਹਿਲਾਂ ਐਲਾਨ 7 ਮਾਰਚ ਨੂੰ ਕਰਨਾਟਕ ਬਜਟ ਭਾਸ਼ਣ ਦੌਰਾਨ ਕੀਤਾ ਗਿਆ ਸੀ। ਇਸ ਕਦਮ ਨਾਲ ਇਹ ਦੇਸ਼ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਬਣ ਗਈ ਹੈ ਜਿਸ ਦਾ ਨਾਮ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਮਨਮੋਹਨ ਸਿੰਘ ਦਾ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਬੰਗਲੂਰੂ ਦੇ ਬੁਨਿਆਦੀ ਢਾਂਚੇ ਦੇ ਕਈ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਰਿਹਾ। 2008 ਵਿੱਚ, ਉਨ੍ਹਾਂ ਨੇ ਸ਼ਹਿਰ ਦੇ ਨਵੇਂ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਜੋ ਕਿ ਹੁਣ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡਾ ਹੈ। ਇਸ ਹਵਾਈ ਅੱਡੇ ਨੇ ਬੰਗਲੂਰੂ ਨੂੰ ਇੱਕ ਆਧੁਨਿਕ ਪਛਾਣ ਦਿੱਤੀ ਜੋ ਕਿ ਤੇਜ਼ੀ ਨਾਲ ਦੱਖਣੀ ਭਾਰਤ ਲਈ ਇੱਕ ਪ੍ਰਮੁੱਖ ਹੱਬ ਬਣ ਗਿਆ। ਤਿੰਨ ਸਾਲਾਂ ਬਾਅਦ, ਉਨ੍ਹਾਂ ਨੇ ਨੰਮਾ ਮੈਟਰੋ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਬੈਯੱਪਨਹੱਲੀ ਅਤੇ ਐਮਜੀ ਰੋਡ ਵਿਚਾਲੇ ਪਹਿਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਸ਼ੁਰੂਆਤ ਨੇ ਇੱਕ ਜਨਤਕ ਆਵਾਜਾਈ ਨੈੱਟਵਰਕ ਲਈ ਇੱਕ ਮਾਡਲ ਤਿਆਰ ਕੀਤਾ ਹੈ ਜਿਸ ਨੇ ਉਦੋਂ ਤੋਂ ਪੂਰੇ ਸ਼ਹਿਰ ਵਿੱਚ ਰੋਜ਼ਾਨਾ ਆਉਣ-ਜਾਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ।