ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਵਸਤਾਂ ਤੇ ਸੇਵਾ ਕਰ (ਜੀ ਐੱਸ ਟੀ) ਸੁਧਾਰਾਂ ਦਾ ਲਾਭ ਘੱਟ ਕੀਮਤਾਂ ਦੇ ਰੂਪ ਵਿੱਚ ਖ਼ਪਤਕਾਰਾਂ ਨੂੰ ਮਿਲ ਰਿਹਾ ਹੈ।ਜੀ ਐੱਸ ਟੀ ਬੱਚਤ ਉਤਸਵ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬੀਬੀ ਸੀਤਾਰਮਨ ਨੇ ਕਿਹਾ ਕਿ ਸਰਕਾਰ 22 ਸਤੰਬਰ ਨੂੰ ਜੀ ਐੱਸ ਟੀ ਦੀਆਂ ਘੱਟ ਦਰਾਂ ਲਾਗੂ ਹੋਣ ਦੇ ਬਾਅਦ ਤੋਂ ਦੇਸ਼ ਭਰ ਵਿੱਚ 54 ਵਸਤਾਂ ਦੀਆਂ ਕੀਮਤਾਂ ’ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ, ‘‘ਜੀ ਐੱਸ ਟੀ ਦਰਾਂ ਵਿੱਚ ਕਮੀ ਕਾਰਨ ਖ਼ਰੀਦਦਾਰੀ ਵਧੀ ਹੈ। ਖ਼ਪਤ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਰਹੇਗਾ। ਸਾਨੂੰ ਭਰੋਸਾ ਹੈ ਕਿ ਅਜਿਹੀ ਹਰੇਕ ਵਸਤੂ ’ਤੇ ਕੰਪਨੀਆਂ ਖ਼ਪਤਕਾਰਾਂ ਨੂੰ ਲਾਭ ਦੇ ਰਹੀਆਂ ਹਨ।’’ ਉਨ੍ਹਾਂ ਦੱਸਿਆ ਕਿ ਕੁਝ ਵਸਤਾਂ ਦੇ ਮਾਮਲੇ ਵਿੱਚ ਕਾਰੋਬਾਰੀਆਂ ਨੇ ਜੀ ਐੱਸ ਟੀ ਦਰਾਂ ’ਚ ਕਟੌਤੀ ਨਾਲੋਂ ਵਧੇਰੇ ਲਾਭ ਖ਼ਪਤਕਾਰਾਂ ਨੂੰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਖ਼ਪਤਕਾਰ ਮਾਮਲਿਆਂ ਦੇ ਵਿਭਾਗ ਨੂੰ ਜੀ ਐੱਸ ਟੀ ਕਟੌਤੀ ਮੁਤਾਬਕ ਕੀਮਤਾਂ ਨਾ ਘਟਾਉਣ ਨਾਲ ਸਬੰਧਤ 3169 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ’ਚੋਂ 3075 ਸ਼ਿਕਾਇਤਾਂ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ ਬੀ ਆਈ ਸੀ) ਦੇ ਨੋਡਲ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ। ਵਿਭਾਗ ਨੇ 94 ਸ਼ਿਕਾਇਤਾਂ ਦਾ ਹੱਲ ਕੀਤਾ ਹੈ।ਵਿੱਤੀ ਮੰਤਰੀ ਨੇ ਕਿਹਾ ਕਿ ਵਿਭਾਗ ਸ਼ਿਕਾਇਤ ਪੋਰਟਲ ’ਤੇ ਸੁਵਿਧਾ ਮੁਹੱਈਆ ਕਰਵਾਏਗਾ ਤਾਂ ਜੋ ਸ਼ਿਕਾਇਤਾਂ ਨੂੰ ਉਨ੍ਹਾਂ ਸਬੰਧਤ ਖੇਤਰਾਂ ਦੇ ਚੀਫ਼ ਕਮਿਸ਼ਨਰਾਂ ਨੂੰ ਭੇਜਿਆ ਜਾ ਸਕੇ ਜਿੱਥੋਂ ਸ਼ਿਕਾਇਤਾਂ ਮਿਲੀਆਂ ਹਨ।