DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਆਸ ਤੇ ਸਤਲੁਜ ਨੇ ਪੰਜਾਬ ’ਚ ਲੀਹੋਂ ਲਾਹੀ ਜ਼ਿੰਦਗੀ

ਮੀਂਹ ਦੇ ਯੈਲੋ ਅਲਰਟ ਨੇ ਪਿੰਡਾਂ ’ਚ ਫ਼ਿਕਰ ਵਧਾਏ; ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉਪਰ; 50 ਹਜ਼ਾਰ ਏਕਡ਼ ਤੋਂ ਵੱਧ ਫਸਲ ਖਰਾਬ
  • fb
  • twitter
  • whatsapp
  • whatsapp
featured-img featured-img
ਸੁਲਤਾਨਪੁਰ ਲੋਧੀ ’ਚ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕ ਬੇੜੀ ਰਾਹੀਂ ਸੁਰੱਖਿਅਤ ਥਾਵਾਂ ਵੱਲ ਜਾਂਦੇ ਹੋਏ। -ਫੋਟੋ: ਮਲਕੀਅਤ ਸਿੰਘ
Advertisement

ਪੰਜਾਬ ’ਚ ਬਿਆਸ ਤੇ ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਦਾ ਜਨ ਜੀਵਨ ਹੜ੍ਹਾਂ ਦੇ ਪਾਣੀ ਨੇ ਲੀਹੋਂ ਲਾਹ ਦਿੱਤਾ ਹੈ। ਇਨ੍ਹਾਂ ਖੇਤਰਾਂ ’ਚ ਪਾਣੀ ਦੀ ਮਾਰ ਦਾ ਸੰਕਟ ਹਾਲੇ ਤੱਕ ਟਲਿਆ ਨਹੀਂ ਹੈ। ਮੌਸਮ ਵਿਭਾਗ ਨੇ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਮੁੜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਪਿੰਡਾਂ ਦੇ ਲੋਕਾਂ ਦੀਆਂ ਫਿਕਰਾਂ ਵਧਾ ਦਿੱਤੀਆਂ ਹਨ ਜੋ ਪਹਿਲਾਂ ਹੀ ਪਾਣੀ ਦੀ ਮਾਰ ਝੱਲ ਰਹੇ ਹਨ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।

Advertisement

ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉਪਰ ਚਲਾ ਗਿਆ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਅੱਜ ਸ਼ਾਮ ਤੱਕ 1382.59 ਫੁੱਟ ਸੀ ਜਦਕਿ ਪਹਾੜਾਂ ’ਚੋਂ ਪਾਣੀ ਦੀ ਆਮਦ 95,277 ਕਿਊਸਿਕ ਰਹੀ। ਪੌਂਗ ਡੈਮ ’ਚੋਂ ਅੱਜ ਮੁੜ 59,881 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਗਿਆ ਹੈ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1664.10 ਫੁੱਟ ਹੋ ਗਿਆ ਹੈ ਅਤੇ ਭਾਖੜਾ ਡੈਮ ਵਿੱਚ ਇਸ ਵੇਲੇ 42,453 ਕਿਊਸਿਕ ਪਾਣੀ ਆ ਰਿਹਾ ਹੈ ਜਦਕਿ ਭਾਖੜਾ ਡੈਮ ’ਚੋਂ 37,786 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਮੰਡ ਖੇਤਰ ਦੇ ਪਿੰਡਾਂ ਵਿੱਚ ਸਥਿਤੀ ਬਦਤਰ ਬਣੀ ਹੋਈ ਹੈ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ। ਰਾਵੀ ਦਰਿਆ ਵਿੱਚ ਵੀ ਸਵਾ ਲੱਖ ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ ਕੌਮਾਂਤਰੀ ਸਰਹੱਦ ਲਾਗੇ ਹੜ੍ਹਾਂ ਵਰਗੀ ਸਥਿਤੀ ਬਣਨ ਲੱਗੀ ਹੈ।

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਰਾਵੀ ਦਰਿਆ ਨਾਲ ਲਗਦੇ ਇਲਾਕੇ ’ਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਸੁਲਤਾਨਪੁਰ ਲੋਧੀ ਤੇ ਤਰਨ ਤਾਰਨ ਇਲਾਕੇ ਵਿੱਚ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ। ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨੇੜਲੇ ਅੱਧੀ ਦਰਜਨਾਂ ਪਿੰਡਾਂ ’ਚ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਜ਼ਿਲ੍ਹੇ ਦੇ ਪਿੰਡ ਦੋਨਾ ਨਾਨਕਾ, ਤੇਜਾ ਰੁਹੇਲਾ, ਢਾਣੀ ਸੱਦਾ ਸਿੰਘ, ਮੁਹਾਰ ਜਮਸ਼ੇਰ ਆਦਿ ਪਿੰਡਾਂ ਨੂੰ ਆਉਣ-ਜਾਣ ਵਾਲੇ ਰਸਤੇ ਪਾਣੀ ਨਾਲ ਭਰ ਗਏ ਹਨ। ਕਪੂਰਥਲਾ ਜ਼ਿਲ੍ਹੇ ਦੇ ਮੰਡ ਖੇਤਰ ਦੇ ਲੋਕਾਂ ਦੇ ਹਾਲ ਬੁਰੇ ਹਨ ਤੇ ਇੱਥੋਂ 600 ਤੋਂ ਜ਼ਿਆਦਾ ਲੋਕਾਂ ਨੂੰ ਪਾਣੀ ’ਚੋਂ ਬਾਹਰ ਕੱਢਿਆ ਗਿਆ ਹੈ। ਲੋਕਾਂ ਨੂੰ ਆਪਣੇ ਪਸ਼ੂ ਆਪਣੇ ਹਾਲ ’ਤੇ ਹੀ ਛੱਡਣੇ ਪਏ ਹਨ। ਪੰਜਾਬ ਵਿੱਚ ਹੁਣ ਤੱਕ 50 ਹਜ਼ਾਰ ਏਕੜ ਤੋਂ ਵੱਧ ਫ਼ਸਲ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਹੋਈ ਹੈ।

ਮੌਸਮ ਵਿਭਾਗ ਨੇ ਅੱਜ ਰਾਤ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜਦਕਿ ਭਲਕੇ ਮੰਗਲਵਾਰ ਨੂੰ ਗੁਰਦਾਸਪੁਰ, ਹੁਸ਼ਿਆਰਪੁਰ ਤੋਂ ਇਲਾਵਾ ਪਠਾਨਕੋਟ, ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਨੂੰ ਪਹਿਲਾਂ ਪਹਾੜਾਂ ਦੇ ਮੀਂਹ ਦੀ ਮਾਰ ਪੈ ਰਹੀ ਸੀ ਅਤੇ ਹੁਣ ਪੰਜਾਬ ’ਚ ਮੀਂਹ ਪੈਣ ਦੀ ਸੂਰਤ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਰੀਕੇ ਹੈੱਡ ਵਰਕਸ ’ਤੇ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ਦੇ ਸਾਹ ਸੂਤੇ ਗਏ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ, ਜਿਨ੍ਹਾਂ ’ਚ ਕਾਮਲ ਵਾਲਾ, ਨਿਹਾਲ ਲਵੇਰਾ, ਧੀਰਾਘਾਰਾ ਆਦਿ ਪਿੰਡ ਵੀ ਸ਼ਾਮਲ ਹਨ, ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਰੋਜ਼ਾਨਾ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਮੁਸਤੈਦ ਕੀਤਾ ਗਿਆ ਹੈ।

ਉੱਧਰ ‘ਉੱਝ’ ਦਰਿਆ ਵਿੱਚ ਪਾਣੀ ਛੱਡਣ ਤੋਂ ਬਾਅਦ ਇੱਥੇ ਰਾਵੀ ਦਰਿਆ ਵਿੱਚ ਵੀ ਪਾਣੀ ਦਾ ਵਹਾਅ ਵਧ ਗਿਆ ਹੈ। ਅੱਜ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰਾਵੀ ਦਰਿਆ ਨੇੜਲੇ ਇਲਾਕੇ ਦਾ ਦੌਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਇਸ ਵੇਲੇ ਲਗਪਗ 1.4 ਲੱਖ ਕਿਊਸਿਕ ਪਾਣੀ ਹੈ ਪਰ ਸਥਿਤੀ ਖ਼ਤਰੇ ਵਾਲੀ ਨਹੀਂ ਹੈ। ਇਸ ਦੇ ਬਾਵਜੂਦ ਦੋ ਦਿਨ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਪੌਗ ਡੈਮ ’ਚੋਂ ਭਲਕ ਤੋਂ ਛੱਡਿਆ ਜਾਵੇਗਾ 75000 ਕਿਊਸਿਕ ਪਾਣੀ

ਮੁਕੇਰੀਆਂ (ਜਗਜੀਤ ਸਿੰਘ): ਪੌਂਗ ਡੈਮ ਪ੍ਰਸ਼ਾਸਨ ਨੇ 20 ਅਗਸਤ ਨੂੰ ਸਵੇਰ 6 ਵਜੇ ਤੋਂ ਪਹਿਲਾਂ ਚੱਲ ਰਹੇ ਪਾਣੀ ਵਿੱਚ 6000 ਕਿਊਸਿਕ ਪਾਣੀ ਦਾ ਵਾਧਾ ਕਰਕੇ ਵੱਧ ਤੋਂ ਵੱਧ 75000 ਕਿਊਸਿਕ ਪਾਣੀ ਛੱਡਣ ਬਾਰੇ ਸੂਚਨਾ ਜਾਰੀ ਕੀਤੀ ਹੈ। ਇਹ ਜਾਣਕਾਰੀ ਬੀਬੀਐੱਮਬੀ ਦੇ ਵਧੀਕ ਨਿਗਰਾਨ ਇੰਜਨੀਅਰ, ਵਾਟਰ ਰੈਗੂਲੇਸ਼ਨ ਸੈੱਲ, ਤਲਵਾੜਾ ਵੱਲੋਂ ਪੱਤਰ ਜਾਰੀ ਕਰਕੇ ਸਾਂਝੀ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਪੌਂਗ ਡੈਮ ਵਿੱਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਵਾਧੂ ਪਾਣੀ ਅੱਗੇ ਛੱਡਣਾ ਪੈ ਰਿਹਾ ਹੈ। ਇਹ ਪਾਣੀ ਲਗਾਤਾਰ ਇੱਕ ਸਮਰੱਥਾ ਅਨੁਸਾਰ ਵਧਾਇਆ ਜਾਵੇਗਾ ਅਤੇ ਵੱਧ ਤੋਂ ਵੱਧ 75000 ਕਿਊਸਿਕ ਪਾਣੀ ਪੌਂਗ ਡੈਮ ਤੋਂ ਹੇਠਾਂ ਛੱਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੌਂਗ ਡੈਮ ਤੋਂ ਪਹਿਲਾਂ ਛੱਡੇ ਜਾ ਰਹੇ ਪਾਣੀ ਵਿੱਚ 20 ਅਗਸਤ ਨੂੰ ਸਵੇਰੇ 6 ਵਜੇ 6000 ਕਿਊਸਿਕ ਪਾਣੀ ਵਧਾ ਦਿੱਤਾ ਜਾਵੇਗਾ ਅਤੇ ਹਰ 12 ਘੰਟੇ ਬਾਅਦ 6000 ਕਿਊਸਿਕ ਪਾਣੀ ਦਾ ਵਾਧਾ ਲਗਾਤਾਰ ਕੀਤਾ ਜਾਵੇਗਾ।

Advertisement
×