ਬੀਬੀਐੱਮਬੀ ਨੇ ਪੌਂਗ ਡੈਮ ਤੋਂ ਪਾਣੀ ਛੱਡਿਆ, ਕਾਂਗੜਾ ਤੇ ਹੁਸ਼ਿਆਰਪੁਰ ਹਾਈ ਅਲਰਟ ’ਤੇ
ਕਾਂਗੜਾ ਜ਼ਿਲ੍ਹੇ ਵਿਚ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਵੱਧ ਕੇ 1372 ਫੁੱਟ ਦੇ ਨਿਸ਼ਾਨ ’ਤੇ ਪਹੁੰਚਣ ਮਗਰੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨੇ ਬੁੱਧਵਾਰ ਨੂੰ ਇਹਤਿਆਤੀ ਉਪਾਅ ਵਜੋਂ ਡੈਮ ਦੇ ਗੇਟਾਂ ਤੇ ਸਪਿਲਵੇਜ਼ ਤੋਂ 20,000 ਕਿਊਸਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਸਥਾਨਕ ਨਦੀਆਂ ਨਾਲੇ ਜਿਵੇਂ ਦੇਹੜ ਖੱਡ, ਬੁਹਾਲ ਖੱਡ ਤੇ ਦੇਹੜੀ ਖੱਡ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਵਧਿਆ ਹੈ। ਡੈਮ ਦੀ ਵੱਧ ਤੋਂ ਵੱਧ ਭੰਡਾਰਨ ਸਮਰੱਥਾ 1410 ਫੁੱਟ ਹੈ ਤੇ 1390 ਫੁੱਟ ਨੂੰ ਖ਼ਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਹੈ।
ਆਮ ਤੌਰ ’ਤੇ ਬੀਬੀਐਮਬੀ ਅਧਿਕਾਰੀ ਪਾਣੀ ਉਦੋਂ ਛੱਡਦੇ ਹਨ ਜਦੋਂ ਡੈਮ ਵਿਚ ਪਾਣੀ ਦਾ ਪੱਧਰ 1,365 ਫੁੱਟ ਤੋਂ ਵੱਧ ਜਾਂਦਾ ਹੈ।
ਡੈਮ ਤੋਂ ਪਾਣੀ ਛੱਡਣ ਮਗਰੋਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਅਤੇ ਪੰਜਾਬ ਦੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਹੁਸ਼ਿਆਰਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਕਿਹਾ, ‘‘ਅਸੀਂ ਪੌਂਗ ਡੈਮ ਸਮੇਤ ਸਾਰੇ ਡੈਮਾਂ ਦੇ ਪਾਣੀ ਦੇ ਪੱਧਰ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਾਂ। ਸਾਨੂੰ ਬੀਬੀਐੱਮਬੀ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਜਾ ਰਹੇ ਹਨ ਅਤੇ ਪਾਣੀ ਛੱਡ ਰਹੇ ਹਨ। ਮੈਂ ਸਾਰਿਆਂ ਨੂੰ ਸੁਚੇਤ ਕਰਨਾ ਚਾਹੁੰਦੀ ਹਾਂ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਮੌਨਸੂਨ ਦੇ ਮੌਸਮ ਦੌਰਾਨ ਲਏ ਗਏ ਆਮ ਉਪਾਅ ਹਨ।’’
ਕਾਂਗੜਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਹੇਮਰਾਜ ਬੈਰਵਾ ਨੇ ਕਿਹਾ ਕਿ ਉਨ੍ਹਾਂ ਨੇ ਬੀਬੀਐਮਬੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਾਣੀ ਨੂੰ ਹੌਲੀ-ਹੌਲੀ ਅਤੇ ਕੰਟਰੋਲਡ ਤਰੀਕੇ ਨਾਲ ਛੱਡਿਆ ਜਾਵੇ ਤਾਂ ਜੋ ਨੀਵੇਂ ਇਲਾਕਿਆਂ ਵਿੱਚ ਹੜ੍ਹ ਨਾ ਆਵੇ। ਉਨ੍ਹਾਂ ਦਾਅਵਾ ਕੀਤਾ, ‘‘ਮੈਨੂੰ ਉਮੀਦ ਹੈ ਕਿ ਇਸ ਵਾਰ ਪਾਣੀ ਬਿਆਸ ਦਰਿਆ ਦੇ ਰਸਤੇ ਤੋਂ ਬਾਹਰ ਨਹੀਂ ਜਾਵੇਗਾ।’’ ਹਾਲਾਂਕਿ ਕਾਂਗੜਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਸਥਾਨਕ ਅਧਿਕਾਰੀ ਹਾਈ ਅਲਰਟ ’ਤੇ ਹਨ। ਬੈਰਵਾ ਨੇ ਕਿਹਾ ਕਿ ਹੌਲੀ ਹੌਲੀ ਪਾਣੀ ਛੱਡਣ ਨਾਲ ਵੱਡੇ ਪੱਧਰ ’ਤੇ ਹੋਣ ਵਾਲਾ ਨੁਕਸਾਨ ਟਲੇਗਾ ਅਤੇ ਮੌਨਸੂਨ ਦੇ ਪ੍ਰਵਾਹ ਦੌਰਾਨ ਜਲ ਭੰਡਾਰ ਦੇ ਸੁਰੱਖਿਅਤ ਨਿਯਮਨ ਨੂੰ ਯਕੀਨੀ ਬਣਾਏਗਾ।
ਕਾਂਗੜਾ ਜ਼ਿਲ੍ਹੇ ਦੇ ਫਤਿਹਪੁਰ ਅਤੇ ਇੰਦੋਰਾ ਦੇ ਐਸਡੀਐਮਜ਼ ਨੇ ਹਾਲਾਤ ’ਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ। ਉਨ੍ਹਾਂ ਵੱਲੋਂ ਨਿਯਮਿਤ ਤੌਰ ’ਤੇ ਆਪੋ-ਆਪਣੇ ਖੇਤਰਾਂ ਦਾ ਨਿਰੀਖਣ ਕੀਤਾ ਗਿਆ। ਬੀਬੀਐਮਬੀ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸੰਭਾਵੀ ਜੋਖ਼ਮਾਂ ਬਾਰੇ ਸੁਚੇਤ ਕਰਨ ਲਈ ਆਪਣੇ ਵਾਹਨ ਵੀ ਤਾਇਨਾਤ ਕੀਤੇ ਹਨ। ਪਾਣੀ ਛੱਡਣ ਤੋਂ ਪਹਿਲਾਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਤੋਂ ਹੀ ਚੇਤਾਵਨੀ ਸਾਇਰਨ ਵਜਾ ਦਿੱਤੇ ਗਏ ਸਨ। ਕਿਸੇ ਵੀ ਐਮਰਜੈਂਸੀ ਵਿੱਚ ਲਾਲ ਚੇਤਾਵਨੀ ਜਾਰੀ ਕਰਨ ਲਈ ਕਾਂਗੜਾ ਜ਼ਿਲ੍ਹੇ ਦੇ ਰੇ, ਸਥਾਨਾ, ਸੰਸਾਰਪੁਰ ਟੈਰੇਸ ਅਤੇ ਰਿਆਲੀ ਖੇਤਰਾਂ ਵਿੱਚ ਹੂਟਰ ਲਗਾਏ ਗਏ ਸਨ।
ਫਤਿਹਪੁਰ ਦੇ ਐੱਸਡੀਐੱਮ ਵਿਸ਼ਰਤ ਭਾਰਤੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਹੁਣ ਤੱਕ ਕਿਸੇ ਵੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਉਨ੍ਹਾਂ ਕਿਹਾ ਕਿ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਬੀਬੀਐਮਬੀ ਨੇ ਮੰਗਲਵਾਰ ਨੂੰ ਪਹਿਲਾਂ ਹੀ ਇੱਕ ਜਨਤਕ ਨੋਟਿਸ ਜਾਰੀ ਕਰ ਦਿੱਤਾ ਸੀ, ਜਿਸ ਵਿੱਚ ਪਾਣੀ ਨੂੰ ਕੰਟਰੋਲਡ ਤਰੀਕੇ ਨਾਲ ਛੱਡਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਲਗਾਤਾਰ ਸਾਇਰਨ ਚੇਤਾਵਨੀਆਂ ਤੋਂ ਬਾਅਦ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਸਨ।