Bareilly violence: ਸਮਾਜਵਾਦੀ ਪਾਰਟੀ ਦੇ ਵਫ਼ਦ ਨੂੰ ਬਰੇਲੀ ਜਾਣ ਤੋਂ ਰੋਕਿਆ
ਵਿਰੋਧੀ ਧਿਰ ਦੇ ਨੇਤਾ ਨੇ ਪੁਲੀਸ ’ਤੇ ਲਾਏ ਘਰਾਂ ਅੰਦਰ ਡੱਕਣ ਦਾ ਦੋਸ਼
ਸਮਾਜਵਾਦੀ ਪਾਰਟੀ ਦੇ 14 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਵਫ਼ਦ, ਜਿਸ ਨੇ ਸ਼ਨਿਚਰਵਾਰ ਨੂੰ ਹਿੰਸਾ ਪ੍ਰਭਾਵਿਤ ਇਲਾਕੇ ਬਰੇਲੀ ਦਾ ਦੌਰਾ ਕਰਨਾ ਸੀ, ਨੂੰ ਕਥਿਤ ਤੌਰ ’ਤੇ ਪੁਲੀਸ ਦੁਆਰਾ ਉਨ੍ਹਾਂ ਦੇ ਘਰਾਂ ਅੰਦਰ ਹੀ ਰੋਕ ਦਿੱਤਾ ਗਿਆ। ਇਹ ਗੱਲ ਯੂਪੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਾਤਾ ਪ੍ਰਸਾਦ ਪਾਂਡੇ ਨੇ ਕਹੀ।
ਪਾਂਡੇ, ਜਿਨ੍ਹਾਂ ਨੇ ਵਫ਼ਦ ਦੀ ਅਗਵਾਈ ਕਰਨੀ ਸੀ, ਨੇ ਦੋਸ਼ ਲਾਇਆ ਕਿ ਸਾਰੇ ਪਾਰਟੀ ਵਰਕਰਾਂ ਦੇ ਘਰਾਂ ਦੇ ਬਾਹਰ ਪੁਲੀਸ ਤਾਇਨਾਤ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੁਲੀਸ ਅਤੇ ਬਰੇਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦੋ ਚਿੱਠੀਆਂ ਮਿਲੀਆਂ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਸਮਾਜਵਾਦੀ ਪਾਰਟੀ ਦਾ ਵਫ਼ਦ ਸ਼ਹਿਰ ਦੇ ‘ਮਾਹੌਲ ਨੂੰ ਹੋਰ ਵਿਗਾੜ’ ਦੇਵੇਗਾ। ਪਾਂਡੇ ਨੇ ਅੱਗੇ ਕਿਹਾ ਕਿ ਯੋਗੀ ਆਦਿੱਤਿਆਨਾਥ ਸਰਕਾਰ "ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਉਨ੍ਹਾਂ ਨੂੰ ਰੋਕ ਰਹੀ" ਹੈ।
ਦੂਜੇ ਪਾਸੇ ਯੂਪੀ ਸਰਕਾਰ ਦੇ ਮੰਤਰੀ ਜੇ ਪੀ ਐੱਸ ਰਾਠੌਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰ ਅਤੇ ਨੇਤਾ ਜੋ ਬਰੇਲੀ ਦਾ ਦੌਰਾ ਕਰਨ ਦੀ ਗੱਲ ਕਰ ਰਹੇ ਹਨ, ਉਹ ਸਿਰਫ਼ "ਮਾਹੌਲ ਨੂੰ ਖਰਾਬ" ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਨੂੰ ਵੀ ਬਰੇਲੀ ’ਚ ਅਮਨ-ਸ਼ਾਂਤੀ ਦੀ ਸਥਿਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਹੈ। ਆਪਣੀ ਰਿਹਾਇਸ਼ ’ਤੇ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪਾਂਡੇ ਨੇ ਕਿਹਾ, "ਸਰਕਲ ਅਫ਼ਸਰ ਅਤੇ ਇੱਕ ਸੀਨੀਅਰ ਲੋਕਲ ਇੰਟੈਲੀਜੈਂਸ ਯੂਨਿਟ ਅਫ਼ਸਰ ਇੱਥੇ ਮੌਜੂਦ ਹਨ। ਉਹ ਮੈਨੂੰ ਉੱਥੇ (ਬਰੇਲੀ) ਨਾ ਜਾਣ ਲਈ ਕਹਿ ਰਹੇ ਹਨ।"