ਬਾਰਾਮੂਲਾ: ਫ਼ੌਜ ਵੱਲੋਂ ਚਲਾਈਆਂ ਗੋਲੀਆਂ ਕਾਰਨ ਟਰੱਕ ਡਰਾਈਵਰ ਹਲਾਕ
ਸ੍ਰੀਨਗਰ, 6 ਫਰਵਰੀ
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਫੌਜ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਟਰੱਕ ਡਰਾਈਵਰ ਦੀ ਮੌਤ ਹੋ ਗਈ। ਫ਼ੌਜ ਵੱਲੋਂ ਵਾਰ-ਵਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਜਦੋਂ ਟਰੱਕ ਡਰਾਈਵਰ ਨੇ ਆਪਣਾ ਵਾਹਨ ਨਾਕੇ ’ਤੇ ਨਾ ਰੋਕਿਆ ਤਾਂ ਫ਼ੌਜ ਦੇ ਜਵਾਨਾਂ ਨੇ ਇਹ ਕਾਰਵਾਈ ਕੀਤੀ।
ਫੌਜ ਦੇ ਚਿਨਾਰ ਕੋਰ ਨੇ ਐਕਸ ’ਤੇ ਕਿਹਾ, ‘ਅਤਿਵਾਦੀਆਂ ਦੀ ਗਤੀਵਿਧੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ 5 ਫਰਵਰੀ ਨੂੰ ਨਾਕਾ ਲਾਇਆ ਸੀ। ਇਸ ਦੌਰਾਨ ਇੱਕ ਟਰੱਕ ਤੇਜ਼ ਰਫ਼ਤਾਰ ਨਾਲ ਆਉਂਦਾ ਨਜ਼ਰ ਆਇਆ। ਵਾਰ-ਵਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਟਰੱਕ ਨਹੀਂ ਰੁਕਿਆ, ਸਗੋਂ ਡਰਾਈਵਰ ਨੇ ਨਾਕਾ ਪਾਰ ਕਰਦਿਆ ਟਰੱਕ ਦੀ ਰਫਤਾਰ ਵਧਾ ਦਿੱਤੀ। ਜਵਾਨਾਂ ਨੇ 23 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਵਾਹਨ ਦਾ ਪਿੱਛਾ ਕੀਤਾ ਅਤੇ ਟਾਇਰਾਂ ’ਤੇ ਗੋਲੀਆਂ ਚਲਾਈਆਂ, ਜਿਸ ਮਗਰੋਂ ਵਾਹਨ ਸੰਗਰਾਮ ਚੌਕ ’ਤੇ ਰੁਕ ਗਿਆ।’ ਉਨ੍ਹਾਂ ਕਿਹਾ, ‘ਤਲਾਸ਼ੀ ਲੈਣ ਮਗਰੋਂ ਜ਼ਖ਼ਮੀ ਡਰਾਈਵਰ ਨੂੰ ਸੁਰੱਖਿਆ ਬਲਾਂ ਨੇ ਤੁਰੰਤ ਸਰਕਾਰੀ ਮੈਡੀਕਲ ਕਾਲਜ ਬਾਰਾਮੂਲਾ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।’ -ਪੀਟੀਆਈ
ਸਰਕਾਰ ਮਾਮਲੇ ਦੀ ਜਾਂਚ ਦੇ ਹੁਕਮ ਦੇਵੇਗੀ: ਉਮਰ
ਸ੍ਰੀਨਗਰ:
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਾਰਾਮੂਲਾ ’ਚ ਫੌਜ ਵੱਲੋਂ ਚਲਾਈਆਂ ਗੋਲੀਆਂ ਕਾਰਨ ਮਾਰੇ ਗਏ ਟਰੱਕ ਡਰਾਈਵਰ ਅਤੇ ਕਠੂਆ ਵਿੱਚ ਪੁਲੀਸ ਹਿਰਾਸਤ ’ਚ ਕਥਿਤ ਅਤਿਵਾਦੀ ਦੀ ਮੌਤ ਦੀ ਜਾਂਚ ਦੇ ਹੁਕਮ ਦੇਵੇਗੀ। ਉਨ੍ਹਾਂ ਕਿਹਾ, ‘ਇਹ ਦੋਵੇਂ ਘਟਨਾਵਾਂ ਬਹੁਤ ਮੰਦਭਾਗੀਆਂ ਹਨ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ।’ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਸਥਾਨਕ ਆਬਾਦੀ ਦੇ ਸਹਿਯੋਗ ਤੋਂ ਬਿਨਾਂ ਕਦੇ ਵੀ ਅਤਿਵਾਦ ਤੋਂ ਮੁਕਤ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਕੇਂਦਰ ਕੋਲ ਉਠਾਇਆ ਹੈ ਅਤੇ ਉਹ ਖੁਦ ਵੀ ਜਾਂਚ ਦੇ ਹੁਕਮ ਦੇਣਗੇ। -ਪੀਟੀਆਈ
ਸਿਆਸੀ ਆਗੂਆਂ ਵੱਲੋਂ ਘਟਨਾ ਦੀ ਨਿਖੇਧੀ
ਸ੍ਰੀਨਗਰ:
ਪੀਡੀਪੀ ਆਗੂ ਇਲਤਿਜਾ ਮੁਫ਼ਤੀ ਨੇ ਅੱਜ ਬਾਰਾਮੂਲਾ ਜ਼ਿਲ੍ਹੇ ’ਚ ਫ਼ੌਜ ਵੱਲੋਂ ਚਲਾਈਆਂ ਗੋਲੀਆਂ ਕਾਰਨ ਡਰਾਈਵਰ ਦੀ ਮੌਤ ਨੂੰ ਹੈਰਾਨਕੁਨ ਦੱਸਿਆ ਅਤੇ ਅਪਨੀ ਪਾਰਟੀ ਦੇ ਆਗੂ ਅਲਤਾਫ ਬੁਖਾਰੀ ਨੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਮੁਫਤੀ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਠੂਆ ’ਚ ਇਕ ਨਾਗਰਿਕ ਦੀ ਹੱਤਿਆ ਤੋਂ ਬਾਅਦ ਫ਼ੌਜ ਵੱਲੋਂ ਸੋਪੋਰ ਦੇ ਇਕ ਹੋਰ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਿੰਨੀ ਅਜੀਬ ਗੱਲ ਹੈ ਕਿ ਉਹ ਟਾਇਰਾਂ ’ਤੇ ਗੋਲੀ ਚਲਾਉਣ ਦਾ ਦਾਅਵਾ ਕਰਦੇ ਹਨ ਪਰ ਲੱਗ ਡਰਾਈਵਰ ਦੇ ਗਈ। ਉਨ੍ਹਾਂ ਕਿਹਾ, ‘ਕੀ ਕਸ਼ਮੀਰੀਆਂ ਦੀਆਂ ਜ਼ਿੰਦਗੀਆਂ ਇੰਨੀਆਂ ਸਸਤੀਆਂ ਹਨ?’ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦ ਕਰੜਾ ਨੇ ਵੀ ਘਟਨਾ ਦੀ ਨਿਖੇਧੀ ਕੀਤੀ। -ਪੀਟੀਆਈ