ਬਾਬਾ ਸਿੱਦੀਕੀ ਕਤਲ ਕੇਸ: ਪਤਨੀ ਨੇ SIT ਬਣਾਉਣ ਦੀ ਕੀਤੀ ਮੰਗ !
ਪਤਨੀ ਸ਼ਹਿਜ਼ੀਨ ਸਿੱਦੀਕੀ ਨੇ ਅਦਾਲਤ ਵਿੱਚ ਦਾਇਰ ਕੀਤੀ ਅਰਜ਼ੀ
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਜਿਨ੍ਹਾਂ ਦੀ ਪਿਛਲੇ ਸਾਲ ਅਕਤੂਬਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੀ ਵਿਧਵਾ (ਪਤਨੀ) ਨੇ ਕੇਸ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਬਣਾਉਣ ਦੀ ਮੰਗ ਨੂੰ ਲੈ ਕੇ ਬੰਬੇ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਹੈ।
ਬਾਬਾ ਸਿੱਦੀਕੀ (66) ਨੂੰ ਪਿਛਲੇ ਸਾਲ 12 ਅਕਤੂਬਰ ਦੀ ਰਾਤ ਨੂੰ ਮੁੰਬਈ ਦੇ ਬਾਂਦਰਾ (ਪੂਰਬੀ) ਇਲਾਕੇ ਵਿੱਚ ਉਨ੍ਹਾਂ ਦੇ ਬੇਟੇ ਜ਼ੀਸ਼ਾਨ ਦੇ ਦਫ਼ਤਰ ਦੇ ਬਾਹਰ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ।
ਸਿੱਦੀਕੀ ਦੀ ਪਤਨੀ ਸ਼ਹਿਜ਼ੀਨ ਸਿੱਦੀਕੀ ਨੇ ਅਦਾਲਤ ਵਿੱਚ ਦਾਇਰ ਅਰਜ਼ੀ ਵਿੱਚ ਕਿਹਾ ਹੈ ਕਿ ਪੁਲੀਸ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਜਾਣਬੁੱਝ ਕੇ ਬਚ ਰਹੀ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਕਤਲ ਦਾ ਹੁਕਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਦਿੱਤਾ ਸੀ।
ਸ਼ਹਿਜ਼ੀਨ ਸਿੱਦੀਕੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪੱਕਾ ਸ਼ੱਕ ਹੈ ਕਿ ਉਨ੍ਹਾਂ ਦੇ ਪਤੀ ਦੀ ਮੌਤ ਪਿੱਛੇ ਬਿਲਡਰ ਲਾਬੀ ਅਤੇ ਇੱਕ ਸਿਆਸੀ ਲੀਡਰ ਦਾ ਹੱਥ ਹੈ।
ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਸਿੱਦੀਕੀ ਹਮੇਸ਼ਾ ਝੁੱਗੀ-ਝੌਂਪੜੀ ਵਾਲਿਆਂ ਦੇ ਹਿੱਤ ਵਿੱਚ ਕੰਮ ਕਰਦੇ ਸਨ, ਜਿਸ ਕਾਰਨ ਉਹ ਕਈ ਡਿਵੈਲਪਰਾਂ ਅਤੇ ਬਿਲਡਰਾਂ ਲਈ ਰੁਕਾਵਟ ਬਣੇ ਹੋਏ ਸਨ। ਉਨ੍ਹਾਂ ਮੁਤਾਬਕ ਪੁਲੀਸ ਨੇ ਇਸ ਪੱਖ ਤੋਂ ਜਾਂਚ ਨਹੀਂ ਕੀਤੀ।
ਪਟੀਸ਼ਨ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਸ਼ੱਕੀ ਦੋਸ਼ੀਆਂ ਦੇ ਮੌਜੂਦਾ ਸੂਬਾ ਸਰਕਾਰ ਨਾਲ ਸਬੰਧ ਹਨ, ਇਸ ਲਈ ਜਾਂਚ ਇੱਕ ਸੁਤੰਤਰ ਏਜੰਸੀ (SIT) ਤੋਂ ਕਰਵਾਈ ਜਾਣੀ ਚਾਹੀਦੀ ਹੈ।
ਪਟੀਸ਼ਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਜੁਲਾਈ ਵਿੱਚ ਬਾਬਾ ਸਿੱਦੀਕੀ ਨੂੰ ਪ੍ਰਿਥਵੀਜੀਤ ਚਵਾਨ ਨਾਂ ਦੇ ਵਿਅਕਤੀ ਤੋਂ ਧਮਕੀ ਭਰਿਆ ਸੁਨੇਹਾ ਮਿਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ਸੀ।

