ਬਾਬਾ ਸਿੱਦੀਕੀ ਕਤਲ ਮਾਮਲੇ ਦੇ ਮੁੁਲਜ਼ਮ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਉਸ ਦੇ ਬੁੱਧਵਾਰ ਨੂੰ ਭਾਰਤ ਪੁੱਜਣ ਦੀ ਸੰਭਾਵਨਾ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੌਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ’ਤੇ ਅਪਰੈਲ 2024 ਵਿੱਚ ਗੋਲੀਬਾਰੀ ਹੋਈ ਸੀ ਤੇ ਇਸ ਮਾਮਲੇ ਵਿੱਚ ਲੋੜੀਂਦੇ ਅਨਮੋਲ ਬਿਸ਼ਨੋਈ ਦੇ ਬੁੱਧਵਾਰ ਨੂੰ ਦਿੱਲੀ ਪਹੁੰਚਣ ਦੀ ਉਮੀਦ ਹੈ।
ਅਧਿਕਾਰੀ ਨੇ ਕਿਹਾ ਕਿ ਮੁੰਬਈ ਪੁਲੀਸ ਨੇ ਉਸ ਦੀ ਹਵਾਲਗੀ ਬਾਰੇ ਦੋ ਪ੍ਰਸਤਾਵ ਭੇਜੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਇਸ ਗੈਂਗਸਟਰ ਖ਼ਿਲਾਫ਼ ਕਈ ਮਾਮਲੇ ਦਰਜ ਹਨ ਅਤੇ ਕੇਂਦਰ ਸਰਕਾਰ ਫੈਸਲਾ ਕਰੇਗੀ ਕਿ ਉਸ ਦੀ ਹਿਰਾਸਤ ਪਹਿਲਾਂ ਕਿਸ ਏਜੰਸੀ ਨੂੰ ਦਿੱਤੀ ਜਾਵੇ। ਇਸ ਮਹੀਨੇ ਦੇ ਸ਼ੁਰੂ ਵਿੱਚ ਜਾਂਚ ਏਜੰਸੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਅਨਮੋਲ ਬਿਸ਼ਨੋਈ ਨੂੰ ਕੈਨੇਡਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
ਅਧਿਕਾਰੀ ਨੇ ਕਿਹਾ ਕਿ ਉਸ ਕੋਲ ਕਥਿਤ ਤੌਰ ’ਤੇ ਇੱਕ ਰੂਸੀ ਪਾਸਪੋਰਟ ਸੀ ਜੋ ਜਾਅਲੀ ਦਸਤਾਵੇਜ਼ ਦੇ ਆਧਾਰ ’ਤੇ ਪ੍ਰਾਪਤ ਕੀਤਾ ਗਿਆ ਸੀ। ਐਨਸੀਪੀ ਨੇਤਾ ਅਤੇ ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਨੇ ਏਜੰਸੀ ਨੂੰ ਦੱਸਿਆ ਕਿ ਉਸ ਨੂੰ ਇੱਕ ਈਮੇਲ ਪ੍ਰਾਪਤ ਹੋਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਅਨਮੋਲ ਬਿਸ਼ਨੋਈ ਨੂੰ ਸੰਯੁਕਤ ਰਾਜ ਤੋਂ ਡਿਪੋਰਟ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਉਹ ਅਮਰੀਕਾ ਵਿੱਚ ਨਹੀਂ ਹੈ ਅਤੇ ਉਸ ਨੂੰ ਭਾਰਤ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਉਸ ਦੇ ਅਪਰਾਧਾਂ ਲਈ ਕੇਸ ਚਲਾਇਆ ਜਾਣਾ ਚਾਹੀਦਾ ਹੈ। ਪੀਟੀਆਈ
ਇਸ ਤੋਂ ਪਹਿਲਾਂ ਮੁੰਬਈ ਪੁਲੀਸ ਨੇ ਵਿਸ਼ੇਸ਼ ਅਦਾਲਤ ਨੂੰ ਦੱਸਿਆ ਸੀ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ Lawrence Bishnoi ਦੇ ਛੋਟੇ ਭਰਾ Anmol Bishnoi ਦਾ ਨਾਮ ਐਨਸੀਪੀ ਆਗੂ Baba Siddique ਦੀ ਹੱਤਿਆ ਵਿੱਚ ਮੁੱਖ ਸਾਜ਼ਿਸ਼ਕਰਤਾ ਵਜੋਂ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੰਤਰੀ Baba Siddique (66) ਦੀ 12 ਅਕਤੂਬਰ ਨੂੰ ਉਸ ਦੇ ਪੁੱਤਰ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੀ ਇਮਾਰਤ ਦੇ ਬਾਹਰ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲੀਸ ਨੇ ਦੱਸਿਆ ਸੀ ਕਿ ਅਨਮੋਲ ਹੋਰ ਦੋਸ਼ੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਸੀ। ਅਨਮੋਲ ਨੇ ਇੱਕ ਸੰਚਾਰ ਐਪ ਰਾਹੀਂ ਸਹਿ-ਮੁਲਜ਼ਮ ਨਾਲ ਸੰਪਰਕ ਕੀਤਾ ਸੀ। ਪੀਟੀਆਈ

