ਮਹੂਆ ਮਾਮਲੇ ’ਚ ਟੀਐੱਮਸੀ ਨੂੰ ਸੰਸਦੀ ਰਿਪੋਰਟ ਦੀ ਉਡੀਕ: ਡੈਰੇਕ
ਕੋਲਕਾਤਾ, 22 ਅਕਤੂਬਰ
ਤ੍ਰਿਣਮੂਲ ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸਵਾਲਾਂ ਲਈ ਰਿਸ਼ਵਤ ਲੈਣ ਦੇ ਦੋਸ਼ਾਂ ’ਤੇ ਆਪਣਾ ਰੁਖ਼ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ, ਤੇ ਪਾਰਟੀ ਹੁਣ ਸੰਸਦ ਦੀ ਨੈਤਿਕਤਾ ਬਾਰੇ ਕਮੇਟੀ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਉਡੀਕ ਕਰੇਗੀ ਕਿਉਂਕਿ ਇਹ ਮਾਮਲਾ ‘ਉਸ ਦੇ (ਮਹੂਆ) ਹੱਕਾਂ ਤੇ ਵਿਸ਼ੇਸ਼ ਅਧਿਕਾਰਾਂ ਨਾਲ ਜੁੜਿਆ ਹੈ।’ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਤੇ ਵਕੀਲ ਜੈ ਅਨੰਤ ਦੇਹਦ੍ਰਾਈ ਨੇ ਦੋਸ਼ ਲਾਇਆ ਹੈ ਕਿ ਮੋਇਤਰਾ ਨੇ ਸੰਸਦ ਵਿਚ ਸਵਾਲ ਪੁੱਛਣ ਲਈ ਕਾਰੋਬਾਰੀ ਹੀਰਾਨੰਦਾਨੀ ਤੋਂ ਪੈਸੇ ਲਏ ਸਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਮੋਇਤਰਾ ਨੇ ਦਿੱਲੀ ਹਾਈ ਕੋਰਟ ਵਿਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਦੂਬੇ ਦੀ ਸ਼ਿਕਾਇਤ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਸੰਸਦ ਦੀ ਨੈਤਿਕਤਾ ਬਾਰੇ ਕਮੇਟੀ ਨੂੰ ਭੇਜ ਦਿੱਤੀ ਗਈ ਹੈ। ਗੌਰਤਲਬ ਹੈ ਕਿ ਟੀਐਮਸੀ ਨੇ ਹਾਲੇ ਤੱਕ ਇਸ ਵਿਵਾਦ ਤੋਂ ਦੂਰੀ ਬਣਾਈ ਹੋਈ ਸੀ। ਟੀਐਮਸੀ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਕਿਹਾ, ‘ਕਿ ਪਾਰਟੀ ਲੀਡਰਸ਼ਿਪ ਨੇ ਸਬੰਧਤ ਮੈਂਬਰ ਨੂੰ ਉਸ ’ਤੇ ਲੱਗੇ ਦੋਸ਼ਾਂ ਬਾਰੇ ਆਪਣਾ ਰੁਖ਼ ਸਪੱਸ਼ਟ ਕਰਨ ਦੀ ਸਲਾਹ ਦਿੱਤੀ ਸੀ। ਉਸ ਨੇ ਪਹਿਲਾਂ ਹੀ ਅਜਿਹਾ ਕਰ ਦਿੱਤਾ ਹੈ ਪਰ ਕਿਉਂਕਿ ਮਾਮਲਾ ਇਕ ਚੁਣੇ ਹੋਏ ਸੰਸਦ ਮੈਂਬਰ ਨਾਲ ਸਬੰਧਤ ਹੈ, ਉਸ ਦੇ ਹੱਕਾਂ ਤੇ ਵਿਸ਼ੇਸ਼ ਅਧਿਕਾਰਾਂ ਨਾਲ ਜੁੜਿਆ ਹੈ, ਇਸ ਲਈ ਸੰਸਦ ਦੀ ਢੁੱਕਵੀਂ ਫੋਰਮ ਨੂੰ ਮਾਮਲੇ ਦੀ ਜਾਂਚ ਕਰਨ ਦੇਣੀ ਚਾਹੀਦੀ ਹੈ, ਜਿਸ ਤੋਂ ਬਾਅਦ ਪਾਰਟੀ ਲੀਡਰਸ਼ਿਪ ਢੁੱਕਵਾਂ ਫੈਸਲਾ ਲਏਗੀ। ਗੌਰਤਲਬ ਹੈ ਕਿ ਰੀਅਲ ਅਸਟੇਟ-ਟੂ-ਐਨਰਜੀ ਗਰੁੱਪ ਹੀਰਨੰਦਾਨੀ ਦੇ ਸੀਈਓ ਦਰਸ਼ਨ ਹੀਰਾਨੰਦਾਨੀ, ਜਨਿ੍ਹਾਂ ਕਥਿਤ ਤੌਰ ’ਤੇ ਮੋਇਤਰਾ ਨੂੰ ਸੰਸਦ ਵਿਚ ਸਵਾਲ ਪੁੱਛਣ ਲਈ ਅਦਾਇਗੀ ਕੀਤੀ ਸੀ, ਨੇ ਹਾਲ ਹੀ ਵਿਚ ਇਕ ਹਲਫਨਾਮੇ ਰਾਹੀਂ ਦਾਅਵਾ ਕੀਤਾ ਹੈ ਕਿ ਮੋਇਤਰਾ ਨੇ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਖ਼ ਖਰਾਬ ਕਰਨ ਲਈ’ ਗੌਤਮ ਅਡਾਨੀ ’ਤੇ ਨਿਸ਼ਾਨਾ ਸੇਧਿਆ ਸੀ। ਲੋਕ ਸਭਾ ਦੀ ਨੈਤਿਕਤਾ ਬਾਰੇ ਕਮੇਟੀ ਦੇ ਚੇਅਰਮੈਨ ਵਨਿੋਦ ਸੋਨਕਰ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੂੰ ਹੀਰਾਨੰਦਾਨੀ ਦਾ ਹਲਫਨਾਮਾ ਮਿਲ ਗਿਆ ਹੈ। -ਪੀਟੀਆਈ
ਦਸਹਿਰੇ ਤੱਕ ਮਾਮਲੇ ’ਤੇ ਹੋਰ ਕੋਈ ਬਿਆਨਬਾਜ਼ੀ ਨਹੀਂ ਕਰਾਂਗਾ: ਦੂਬੇ
ਨਵੀਂ ਦਿੱਲੀ: ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਤੋਂ ਬਾਅਦ ਅੱਜ ਭਾਜਪਾ ਆਗੂ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਉਹ ‘24 ਅਕਤੂਬਰ ਦਸਹਿਰੇ ਤੱਕ ਗੋਲੀਬੰਦੀ ਰੱਖਣਗੇ।’ ਦੂਬੇ ਨੇ ਕਿਹਾ ਕਿ 24 ਤੱਕ ਉਹ ਇਸ ਮਾਮਲੇ ’ਤੇ ਹੋਰ ਕੋਈ ਬਿਆਨਬਾਜ਼ੀ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਦੂਬੇ ਨੇ 26 ਅਕਤੂਬਰ ਨੂੰ ਲੋਕ ਸਭਾ ਦੀ ਨੈਤਿਕਤਾ ਬਾਰੇ ਕਮੇਟੀ ਅੱਗੇ ਵੀ ਪੇਸ਼ ਹੋਣਾ ਹੈ। ਕਮੇਟੀ ਕੋਲ ਦੂਬੇ ਆਪਣੇ ਦੋਸ਼ਾਂ ਸਬੰਧੀ ਬਿਆਨ ਦਰਜ ਕਰਾਉਣਗੇ। -ਪੀਟੀਆਈ