ਅਮਰੀਕੀ ਸਰਹੱਦ ’ਤੇ ਕਤਲ ਦੇ ਦੋਸ਼ਾਂ ਵਿੱਚ ਲੋੜੀਂਦਾ ਭਾਰਤੀ ਗ੍ਰਿਫ਼ਤਾਰ
CBP ਨੇ 22 ਸਾਲਾ ਭਾਰਤੀ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ; ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਹੋਇਆ ਸੀ ਦਾਖਲ
22 ਸਾਲਾ ਭਾਰਤੀ ਨਾਗਰਿਕ, ਜੋ ਆਪਣੇ ਦੇਸ਼ ਵਿੱਚ ਕਤਲ ਦੇ ਕੇਸ ਵਿੱਚ ਲੋੜੀਂਦਾ ਸੀ ਅਤੇ ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ, ਨੂੰ ਇੱਥੇ ਸਰਹੱਦੀ ਅਥਾਰਟੀਆਂ (border authorities) ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵਿਸ਼ਾਤ ਕੁਮਾਰ ਨੂੰ 16 ਨਵੰਬਰ ਨੂੰ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (CBP) ਅਧਿਕਾਰੀਆਂ ਨੇ ਬਫੇਲੋ ਬੰਦਰਗਾਹ, ਪੀਸ ਬ੍ਰਿਜ ਸਰਹੱਦੀ ਕਰਾਸਿੰਗ ’ਤੇ ਗ੍ਰਿਫ਼ਤਾਰ ਕੀਤਾ।
CBP ਦੇ ਇੱਕ ਬਿਆਨ ਅਨੁਸਾਰ, ਕੁਮਾਰ ਵਿਰੁੱਧ ਇੱਕ ਇੰਟਰਪੋਲ ਰੈੱਡ ਨੋਟਿਸ ਜਾਰੀ ਹੈ ਅਤੇ ਉਹ ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਤਲ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਹੈ।
ਸੀਬੀਪੀ ਅਧਿਕਾਰੀਆਂ ਦੁਆਰਾ ਕਾਰਵਾਈ ਕਰਨ ਤੋਂ ਬਾਅਦ, ਕੁਮਾਰ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ/ਇਨਫੋਰਸਮੈਂਟ ਰਿਮੂਵਲ ਓਪਰੇਸ਼ਨਜ਼ (ICE/ERO) ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।
ਸੀਬੀਪੀ ਨੇ ਦੱਸਿਆ ਕਿ ਕੁਮਾਰ ਇਸ ਸਮੇਂ ਨਿਊਯਾਰਕ ਦੇ ਬਟਾਵੀਆ ਵਿੱਚ ਫੈਡਰਲ ਡਿਟੈਂਸ਼ਨ ਫੈਸਿਲਿਟੀ ਵਿੱਚ ਹਿਰਾਸਤ ਵਿੱਚ ਹੈ ਅਤੇ ਅਮਰੀਕਾ ਤੋਂ ਦੇਸ਼ ਨਿਕਾਲੇ (removal proceedings) ਦੀ ਕਾਰਵਾਈ ਦੀ ਉਡੀਕ ਕਰ ਰਿਹਾ ਹੈ।
ਦੱਸ ਦਈਏ ਕਿ ਕੁਮਾਰ, ਜੋ 2024 ਵਿੱਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਅਸਾਇਲਮ ਇੰਟਰਵਿਊ ਵਿੱਚ ਸ਼ਾਮਲ ਨਹੀਂ ਹੋਇਆ ਸੀ, ਦੂਜੀ ਜਾਂਚ ਦੌਰਾਨ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰਦਾ ਪਾਇਆ ਗਿਆ। ਬਾਇਓਮੈਟ੍ਰਿਕ ਤਕਨਾਲੋਜੀ ਨੇ ਉਸਦੀ ਅਸਲ ਪਛਾਣ ਦੀ ਪੁਸ਼ਟੀ ਕੀਤੀ, ਜਿਸ ਤੋਂ ਪਤਾ ਲੱਗਾ ਕਿ ਉਸਨੇ ਇੱਕ ਜਾਅਲੀ ਨਾਮ ਅਤੇ ਜਨਮ ਮਿਤੀ ਦੀ ਵਰਤੋਂ ਕੀਤੀ ਸੀ।

