DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹਾਂ ਦੀ ਮਾਰ: ਭਾਖੜਾ ਡੈਮ ਦੇ ਚਾਰ ਫਲੱਡ ਗੇਟ ਖੋਲ੍ਹੇ

ਪਹਾੜਾਂ ਵਿੱਚ ਮੀਂਹ ਦੀ ਚਿਤਾਵਨੀ ਮਗਰੋਂ ਬੀਬੀਐੱਮਬੀ ਫ਼ਿਕਰਮੰਦ

  • fb
  • twitter
  • whatsapp
  • whatsapp
featured-img featured-img
ਭਾਖੜਾ ਡੈਮ ਦੇ ਖੋਲ੍ਹੇ ਫਲੱਡ ਗੇਟਾਂ ਦੀ ਝਲਕ। -ਫੋਟੋ: ਲਲਿਤ ਮੋਹਨ
Advertisement

ਪਹਾੜਾਂ ’ਚ ਮੁੜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫ਼ਿਕਰ ਵਧਾ ਦਿੱਤੇ ਹਨ। ਮੌਸਮ ਵਿਭਾਗ ਨੇ 24-25 ਅਗਸਤ ਨੂੰ ਸ਼ਿਮਲਾ ਖ਼ਿੱਤੇ ਤੋਂ ਇਲਾਵਾ ਕੁੱਲੂ ਤੇ ਮੰਡੀ ਖੇਤਰ ’ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਬੀਬੀਐੱਮਬੀ ਨੇ ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਮੇਨਟੇਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪਹਾੜਾਂ ’ਚੋਂ ਆਉਣ ਵਾਲੇ ਸੰਭਾਵੀ ਪਾਣੀ ਨੂੰ ਆਉਂਦੇ ਦਿਨਾਂ ’ਚ ਡੈਮ ’ਚ ਸੰਭਾਲਿਆ ਜਾ ਸਕੇ। ਇਸ ਤਹਿਤ ਅੱਜ ਬੀਬੀਐੱਮਬੀ ਨੇ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਦੋ-ਦੋ ਫੁੱਟ ਖੋਲ੍ਹ ਦਿੱਤੇ ਹਨ।

ਵੇਰਵਿਆਂ ਅਨੁਸਾਰ ਭਾਖੜਾ ਡੈਮ ’ਚ ਪਹਾੜਾਂ ’ਚੋਂ ਪਾਣੀ ਦੀ ਸੰਭਾਵੀ ਆਮਦ ਵਜੋਂ ਜਗ੍ਹਾ ਬਣਾਈ ਜਾ ਰਹੀ ਹੈ। ਅੱਜ ਸਵੇਰੇ ਭਾਖੜਾ ਡੈਮ ਵਿੱਚ ਪਹਾੜਾਂ ’ਚੋਂ 80 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਸੀ, ਜੋ ਸ਼ਾਮ ਛੇ ਵਜੇ 62 ਹਜ਼ਾਰ ਕਿਊਸਿਕ ਰਹਿ ਗਿਆ। ਭਾਖੜਾ ਡੈਮ ’ਚੋਂ ਅੱਜ 43,300 ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ’ਚੋਂ ਕਰੀਬ 23 ਹਜ਼ਾਰ ਕਿਊਸਿਕ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਹੈ। ਭਾਖੜਾ ਡੈਮ ਦਾ ਸ਼ਾਮ ਛੇ ਵਜੇ ਪਾਣੀ ਦਾ ਪੱਧਰ 1665.49 ਫੁੱਟ ਹੋ ਗਿਆ ਹੈ। ਬੀਬੀਐੱਮਬੀ ਅਨੁਸਾਰ ਅੱਜ ਦੇ ਦਿਨ ਤੱਕ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1662 ਫੁੱਟ ਹੋਣਾ ਚਾਹੀਦਾ ਸੀ। ਬਿਆਸ ਦਰਿਆ ਤੋਂ ਇਲਾਵਾ ਹੁਣ ਸਤਲੁਜ ਦਾ ਕਹਿਰ ਵੀ ਸਰਹੱਦੀ ਪਿੰਡਾਂ ’ਤੇ ਹੋਰ ਮਾਰ ਕਰ ਸਕਦਾ ਹੈ। ਇਸ ਤੋਂ ਇਲਾਵਾ 24-25 ਅਗਸਤ ਨੂੰ ਸਤਲੁਜ ਦੇ ਆਸ-ਪਾਸ ਦੇ ਖੇਤਰ ’ਚ ਭਾਰੀ ਮੀਂਹ ਪੈਣ ਬਾਰੇ ਮੌਸਮ ਵਿਭਾਗ ਨੇ ਪਹਿਲਾਂ ਹੀ ਪੇਸ਼ੀਨਗੋਈ ਕੀਤੀ ਹੋਈ ਹੈ।

Advertisement

ਪੌਂਗ ਡੈਮ ਵਿੱਚ ਐਤਕੀਂ ਪਹਾੜਾਂ ’ਚੋਂ ਆ ਰਹੇ ਪਾਣੀ ਦੀ ਆਮਦ ਹੈਰਾਨ ਕਰਨ ਵਾਲੀ ਰਹੀ ਹੈ। ਆਮ ਤੌਰ ’ਤੇ ਹਰ ਸੀਜ਼ਨ ਵਿੱਚ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਔਸਤ 40 ਹਜ਼ਾਰ ਕਿਊਸਿਕ ਦੀ ਰਹਿੰਦੀ ਹੈ ਪਰ ਐਤਕੀਂ ਡੇਢ ਮਹੀਨੇ ਤੋਂ ਇਹ ਔਸਤ 70 ਤੋਂ 80 ਹਜ਼ਾਰ ਕਿਊਸਿਕ ਰਹੀ ਹੈ।

Advertisement

ਇਸ ਵੇਲੇ ਪੌਂਗ ਡੈਮ ਵਿੱਚ 60 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਅਤੇ ਏਨਾ ਪਾਣੀ ਹੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਵਿੱਚ ਅੱਜ ਸ਼ਾਮ ਛੇ ਵਜੇ ਪਾਣੀ ਦਾ ਪੱਧਰ 1383.12 ਫੁੱਟ ’ਤੇ ਪਹੁੰਚ ਗਿਆ ਹੈ।

ਮੰਡ ਖੇਤਰ ਵਿੱਚ ਹੜ੍ਹਾਂ ਦੀ ਮਾਰ ਵਧੀ

ਮੰਡ ਖੇਤਰ ’ਚ ਹੜ੍ਹਾਂ ਦੀ ਮਾਰ ਕਾਫ਼ੀ ਵਧੀ ਹੈ। ਫ਼ਾਜ਼ਿਲਕਾ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਵੀ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ। ਹਰੀਕੇ ਹੈਡਵਰਕਸ ’ਤੇ 70 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਹੈ। ਇਸੇ ਤਰ੍ਹਾਂ ਰਾਵੀ ਦਰਿਆ ’ਚ ਧਰਮਕੋਟ ਖੇਤਰ ਕੋਲ ਅੱਜ 2.43 ਲੱਖ ਕਿਊਸਿਕ ਪਾਣੀ ਵਗਿਆ ਪਰ ਇਸ ਦਾ ਕੌਮਾਂਤਰੀ ਸਰਹੱਦ ਲਾਗੇ ਹੀ ਕੁੱਝ ਪਿੰਡਾਂ ’ਤੇ ਅਸਰ ਪੈਂਦਾ ਹੈ। ਘੱਗਰ ’ਚ ਇਸ ਵੇਲੇ 8700 ਕਿਊਸਿਕ ਪਾਣੀ ਵਗ ਰਿਹਾ ਹੈ। ਆਉਂਦੇ ਦਿਨਾਂ ’ਚ ਹੋਰ ਮੀਂਹ ਪੈਣ ’ਤੇ ਦਰਿਆਵਾਂ ਲਾਗਲੇ ਪਿੰਡਾਂ ਲਈ ਜ਼ਿੰਦਗੀ ਹੋਰ ਔਖੀ ਹੋ ਸਕਦੀ ਹੈ।

ਟੈਕਨੀਕਲ ਕਮੇਟੀ ਲੈਂਦੀ ਹੈ ਪਾਣੀ ਛੱਡਣ ਬਾਰੇ ਫ਼ੈਸਲਾ

ਨੰਗਲ (ਬਲਵਿੰਦਰ ਰੈਤ): ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਭਾਖੜਾ ਡੈਮ ’ਚੋਂ ਕਿੰਨਾ ਪਾਣੀ ਸਤਲੁਜ ਦਰਿਆ ਵਿੱਚ ਛੱਡਣਾ ਹੈ, ਇਸ ਦਾ ਫੈਸਲਾ ਟੈਕਨੀਕਲ ਕਮੇਟੀ ਲੈਂਦੀ ਹੈ। ਉਨ੍ਹਾਂ ਕਿਹਾ ਕਿ ਬੀਬੀਐੱਮਬੀ ਨੇ ਅੱਜ ਭਾਖੜਾ ਡੈਮ ਤੋਂ ਚਾਰ ਫਲੱਡ ਗੇਟਾਂ ਰਾਹੀਂ ਪਾਣੀ ਛੱਡਿਆ ਹੈ। ਸਥਿਤੀ ਕਾਬੂ ਵਿੱਚ ਰੱਖਣ ਲਈ ਫਲੱਡ ਗੇਟਾਂ ਰਾਹੀਂ ਪਾਣੀ ਛੱਡਣਾ ਪੈਂਦਾ ਹੈ। ਉਧਰ ਭਾਖੜਾ ਡੈਮ ਵਿੱਚ ਵਧ ਰਹੇ ਪਾਣੀ ਕਾਰਨ ਸਤਲੁਜ ਦਰਿਆ ਨੇੜੇ ਵਸੇ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਪਿਛਲੀ ਵਾਰ ਵੀ ਹੜ੍ਹ ਕਾਰਨ ਕਾਫੀ ਨੁਕਾਸਨ ਝੱਲਿਆ ਸੀ।

Advertisement
×