ਦੁਨੀਆ ਅਜਿਹਾ ਮਾਹੌਲ ਬਣਦਾ ਦੇਖ ਰਹੀ ਹੈ ਜਿਸ ਵਿਚ ਜਮਹੂਰੀ ਮੁਲਕਾਂ ਦਾ ਵੱਡਾ ਹਿੱਸਾ ਨਕਲੀ ਉਦਾਰਵਾਦੀ ‘ਤਾਕਤਵਰ ਲੋਕਾਂ’ ਵਿੱਚ ਵਿਸ਼ਵਾਸ ਰੱਖਦਾ ਹੈ ਜਿਨ੍ਹਾਂ ਦੀ ‘ਲੋਕ ਲੁਭਾਉਣੀ’ ਅਪੀਲ ਝੂਠ ਬੋਲਣ, ਵਧਾ-ਚੜ੍ਹਾ ਕੇ ਗੱਲ ਕਹਿਣ ਅਤੇ ਵਿਰੋਧੀਆਂ ਨੂੰ ਬੇਖੌਫ਼ ਹੋ ਕੇ ਧਮਕਾਉਣ ਦੀ ਉਨ੍ਹਾਂ ਦੀ ਸਮਰੱਥਾ ’ਤੇ ਆਧਾਰਿਤ ਹੈ।
ਬੁੱਧੀਜੀਵੀਆਂ, ਦਾਰਸ਼ਨਿਕਾਂ ਤੇ ਲੇਖਕਾਂ ਦਾ ਮੰਨਣਾ ਹੈ ਕਿ ਸੱਤਾ ਦੀ ਲਾਲਸਾ ਰੱਖਣ ਵਾਲੇ ਲੋਕਾਂ (ਸੱਤਾਵਾਦੀਆਂ) ਨੇ ਭਾਸ਼ਾ ਨੂੰ ਵਿਗਾੜ ਕੇ ਇਸ ਨੂੰ ਸੱਭਿਆਚਾਰਕ ਹਥਿਆਰ ਬਣਾ ਲਿਆ ਅਤੇ ਆਪਣੇ ਭਾਸ਼ਣਾਂ, ਨਾਅਰਿਆਂ ਤੇ ਝੂਠ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਸੱਤਾਵਾਦੀ ਸ਼ਾਸਨ ਦੀ ਹਮਾਇਤ ਕਰਨ ਵਾਲਿਆਂ ਦਾ ਮੂਲ ਸਿਧਾਂਤ ਹੈ ਕਿ ਸੰਸਦੀ ਬਹਿਸ ਤੋਂ ਲੈ ਕੇ ਮਸ਼ਹੂਰ ਗੀਤ, ਸਭ ਰਾਜਨੀਤੀ ਹਨ। ਜਦੋਂ ਸੱਭਿਆਚਾਰ ਨੂੰ ਜੰਗ ਵਜੋਂ ਦੇਖਿਆ ਜਾਂਦਾ ਹੈ ਤਾਂ ਵਿਰੋਧੀਆਂ ਨੂੰ ਧੋਖਾ ਦੇਣ, ਵੰਡੀਆਂ ਪਾਉਣ ਤੇ ਬਦਨਾਮ ਕਰਨ ਲਈ ਭਾਸ਼ਾ ਦੀ ਵਰਤੋਂ ਖਾਸ ਤੌਰ ’ਤੇ ਕੀਤੀ ਜਾਂਦੀ ਹੈ। ਜਮਹੂਰੀਅਤ ਲਈ ਉਦਾਰ ਪੈਮਾਨਿਆਂ ਤੇ ਸੰਸਥਾਵਾਂ ਨੂੰ ਢਾਹ ਲਾਉਣ ਦਾ ਮੁੱਖ ਸਾਧਨ ਜਮਹੂਰੀਅਤ ਦੇ ਰਾਖਿਆਂ ਨਾਲ ਝੂਠੀ ਬਰਾਬਰੀ ਬਣਾਉਣਾ ਹੈ। ਜੇ ਕੋਈ ਸਿਆਸੀ ਟੀਚਾ ਹਾਸਲ ਕਰਨ ਲਈ ਝੂਠ ਬੋਲਣਾ ਤੇ ਗਲਤ ਬਿਆਨ ਕਰਨਾ ਜ਼ਰੂਰੀ ਹੈ ਤਾਂ ਉਹ ਪਹਿਲਾਂ ਉਨ੍ਹਾਂ ਲੋਕਾਂ ’ਤੇ ਝੂਠੇ ਹੋਣ ਦਾ ਦੋਸ਼ ਲਾਉਣਗੇ ਜਿਨ੍ਹਾਂ ਨੂੰ ਉਹ ਧੋਖਾ ਦੇਣਾ ਚਾਹੁੰਦਾ ਹੈ। ਜੇ ਕੋਈ ਆਪਣੇ ਸਿਧਾਂਤਾਂ ਨਾਲ ਧੋਖਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਦੂਜੀ ਧਿਰ ’ਤੇ ਦੋਸ਼ ਲਾਉਣਾ ਪਵੇਗਾ ਕਿ ਉਹ ਪਹਿਲਾਂ ਹੀ ਅਜਿਹਾ ਕਰ ਚੁੱਕੀ ਹੈ।

