ਅਟਾਰੀ-ਵਾਹਗਾ ਵਪਾਰਕ ਲਾਂਘਾ ਮੁੜ ਖੋਲ੍ਹਿਆ ਜਾਵੇ: ਮੁਤੱਕੀ
ਅਫ਼ਗ਼ਾਨਿਸਤਾਨ ਦੀ ਧਰਤੀ ਕਿਸੇ ਹੋਰ ਮੁਲਕ ਖ਼ਿਲਾਫ਼ ਨਾ ਵਰਤਣ ਦੇਣ ਦਾ ਐਲਾਨ
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਨੇ ਅਟਾਰੀ-ਵਾਹਗਾ ਵਪਾਰਕ ਲਾਂਘਾ ਮੁੜ ਤੋਂ ਖੋਲ੍ਹਣ ਦੀ ਮੰਗ ਕਰਦਿਆਂ ਭਾਰਤ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੁਲਕ ਸਾਰੇ ‘ਭਾਰਤ ਵਿਰੋਧੀ’ ਅਤਿਵਾਦੀ ਸਮੂਹਾਂ ਤੋਂ ਮੁਕਤ ਹੋ ਚੁੱਕਾ ਹੈ। ਇੱਥੇ ਸਥਿਤ ਅਫਗਾਨ ਅੰਬੈਸੀ ’ਚ ਮੀਡੀਆ ਨੂੰ ਸੰਬੋਧਨ ਕਰਦਿਆਂ ਮੁਤੱਕੀ ਨੇ ਇਹ ਵੀ ਕਿਹਾ ਕਿ ਕਾਬੁਲ ਜਲਦੀ ਹੀ ਨਵੀਂ ਦਿੱਲੀ ’ਚ ਆਪਣੇ ਰਾਜਦੂਤ ਨਿਯੁਕਤ ਕਰੇਗਾ। ਵਪਾਰ ਦੇ ਮੁੱਦੇ ’ਤੇ ਉਨ੍ਹਾਂ ਕਿਹਾ, ‘ਵਾਹਗਾ ਸਾਡੇ ਨੇੜੇ ਹੈ, ਕਿਰਪਾ ਕਰਕੇ ਇਸ ਨੂੰ ਖੋਲ੍ਹ ਦਿਓ। ਇਹ ਭਾਰਤ ਪਹੁੰਚਣ ਦਾ ਸਭ ਤੋਂ ਛੋਟਾ ਤੇ ਕਿਫਾਇਤੀ ਰਾਹ ਹੈ।’ ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਗੱਲਬਾਤ ਦੌਰਾਨ ਖੇਤਰੀ ਸ਼ਾਂਤੀ ਤੇ ਸਹਿਯੋਗ ਪ੍ਰਤੀ ਅਫ਼ਗਾਨਿਸਤਾਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਮੁਲਕ ਕਿਸੇ ਵੀ ਤਾਕਤ ਨੂੰ ਆਪਣੀ ਧਰਤੀ ਤੋਂ ਦੂਜਿਆਂ ਨੂੰ ਧਮਕਾਉਣ ਜਾਂ ਕਿਸੇ ਵੀ ਮੁਲਕ ਖ਼ਿਲਾਫ਼ ਇਸ ਦੀ ਵਰਤੋਂ ਦੀ ਇਜਾਜ਼ਤ ਨਹੀਂ ਦੇਵੇਗਾ। ਮੁਤੱਕੀ ਨੇ ਹੈਦਰਾਬਾਦ ਹਾਊਸ ’ਚ ਦੁਵੱਲੀ ਮੀਟਿੰਗ ਦੌਰਾਨ ਕਿਹਾ ਕਿ ਅਫ਼ਗਾਨਿਸਤਾਨ ਨੇ ਕਦੀ ਵੀ ਭਾਰਤ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕੀਤੀ ਹੈ ਅਤੇ ਹਮੇਸ਼ਾ ਭਾਰਤ ਨਾਲ ਚੰਗੇ ਸਬੰਧਾਂ ਨੂੰ ਮਹੱਤਵ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਆਪਸੀ ਸਨਮਾਨ, ਵਪਾਰ ਤੇ ਲੋਕਾਂ ਵਿਚਾਲੇ ਆਪਸੀ ਸਬੰਧਾਂ ’ਤੇ ਆਧਾਰਿਤ ਰਿਸ਼ਤੇ ਚਾਹੁੰਦਾ ਹੈ। ਉਨ੍ਹਾਂ ਕਿਹਾ, ‘ਅਫ਼ਗਾਨਿਸਤਾਨ ਕਦੀ ਵੀ ਕਿਸੇ ਨੂੰ ਆਪਣੀ ਜ਼ਮੀਨ ਦੀ ਵਰਤੋਂ ਦੂਜਿਆਂ ਖ਼ਿਲਾਫ਼ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ।’ ਮੁਤੱਕੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਫ਼ਗਾਨਿਸਤਾਨ ਕਿਸੇ ਵੀ ਵਿਦੇਸ਼ੀ ਸੈਨਾ ਨੂੰ ਬਗਰਾਮ ਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇੇਵੇਗਾ।
ਭਾਰਤ ਨੇ ਕਾਬੁਲ ਸਥਿਤ ਤਕਨੀਕੀ ਮਿਸ਼ਨ ਨੂੰ ਦੂਤਘਰ ਦਾ ਦਰਜਾ ਦਿੱਤਾ
ਨਵੀਂ ਦਿੱਲੀ: ਭਾਰਤ ਨੇ ਅੱਜ ਕਾਬੁਲ ਸਥਿਤ ਆਪਣੇ ਤਕਨੀਕੀ ਮਿਸ਼ਨ ਨੂੰ ਦੂਤਘਰ ਦਾ ਦਰਜਾ ਦੇਣ ਦਾ ਐਲਾਨ ਕਰਦਿਆਂ ਅਫ਼ਗਾਨਿਸਤਾਨ ’ਚ ਆਪਣੇ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕਰਨ ਦਾ ਅਹਿਦ ਲਿਆ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਨਵੀਂ ਦਿੱਲੀ ਦੀਆਂ ਸੁਰੱਖਿਆ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣ ਲਈ ਤਾਲਿਬਾਨ ਦੀ ਸ਼ਲਾਘਾ ਵੀ ਕੀਤੀ। ਜੈਸ਼ੰਕਰ ਨੇ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤੱਕੀ ਨਾਲ ਆਪਣੀ ਵਿਆਪਕ ਵਾਰਤਾ ਦੌਰਾਨ ਇਹ ਦੋ ਐਲਾਨ ਕੀਤੇ ਜੋ ਬੀਤੇ ਦਿਨ ਛੇ ਰੋਜ਼ਾ ਯਾਤਰਾ ’ਤੇ ਦਿੱਲੀ ਪਹੁੰਚੇ ਹਨ। ਅਗਸਤ 2021 ’ਚ ਤਾਲਿਬਾਨ ਵੱਲੋਂ ਸੱਤਾ ਹਥਿਆਏ ਜਾਣ ਤੋਂ ਬਾਅਦ ਭਾਰਤ ਨੇ ਕਾਬੁਲ ਸਥਿਤ ਆਪਣੇ ਦੂਤਘਰ ’ਚੋਂ ਅਧਿਕਾਰੀ ਵਾਪਸ ਸੱਦ ਲਏ ਸਨ। ਜੂਨ 2022 ’ਚ ਭਾਰਤ ਨੇ ਇੱਕ ‘ਤਕਨੀਕੀ ਟੀਮ’ ਤਾਇਨਾਤ ਕਰਕੇ ਅਫ਼ਗਾਨਿਸਤਾਨ ਦੀ ਰਾਜਧਾਨੀ ’ਚ ਆਪਣੀ ਕੂਟਨੀਤਕ ਹਾਜ਼ਰੀ ਮੁੜ ਤੋਂ ਸਥਾਪਤ ਕੀਤੀ ਸੀ। ਮੀਟਿੰਗ ’ਚ ਆਪਣੇ ਉਦਘਾਟਨੀ ਭਾਸ਼ਨ ਵਿੱਚ ਜੈਸ਼ੰਕਰ ਨੇ ਸਰਹੱਦ ਪਾਰੋਂ ਹੁੰਦੇ ਅਤਿਵਾਦ ਨੂੰ ਦੋਵਾਂ ਦੇਸ਼ਾਂ ਲਈ ਸਾਂਝਾ ਖਤਰਾ ਦੱਸਿਆ ਅਤੇ ਕਿਹਾ ਕਿ ਭਾਰਤ ਤੇ ਅਫ਼ਗਾਨਿਸਤਾਨ ਨੂੰ ਇਸ ਖਤਰੇ ਨਾਲ ਨਜਿੱਠਣ ਲਈ ਮਿਲ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਮੁਤੱਕੀ ਨੇ ਭਾਰਤ ਨੂੰ ਭਰੋਸਾ ਦਿੱਤਾ ਕਿ ਅਫ਼ਗਾਨਿਸਤਾਨ ਕਿਸੇ ਨੂੰ ਵੀ ਨਵੀਂ ਦਿੱਲੀ ਵਿਰੁੱਧ ਆਪਣੇ ਖਿੱਤੇ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਉਨ੍ਹਾਂ ਆਈ ਐੱਸ ਆਈ ਐੱਸ ਨੂੰ ਇਸ ਖਿੱਤੇ ਲਈ ਮੁੱਖ ਚੁਣੌਤੀ ਦੱਸਿਆ। ਉਨ੍ਹਾਂ ਕਿਹਾ ਕਿ ਕਾਬੁਲ ਇਸ ਸੰਘਰਸ਼ ਵਿੱਚ ਮੂਹਰਲੀ ਕਤਾਰ ਵਿੱਚ ਹੈ। ਤਾਲਿਬਾਨ ਦੇ ਸੱਤਾ ’ਚ ਆਉਣ ਮਗਰੋਂ ਨਵੀਂ ਦਿੱਲੀ ਵੱਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਿਸੇ ਵੀ ਦੇਸ਼ ਖ਼ਿਲਾਫ਼ ਅਤਿਵਾਦੀ ਗਤੀਵਿਧੀਆਂ ਲਈ ਨਹੀਂ ਕੀਤੀ ਜਾਣੀ ਚਾਹੀਦੀ। ਜੈਸ਼ੰਕਰ ਨੇ ਇਸ ਮੌਕੇ ਕਿਹਾ ਕਿ ਇੱਕ ਨੇੜਲਾ ਗੁਆਂਢੀ ਤੇ ਅਫ਼ਗਾਨ ਲੋਕਾਂ ਦਾ ਸ਼ੁਭਚਿੰਤਕ ਹੋਣ ਦੇ ਨਾਤੇ ਭਾਰਤ ਅਫ਼ਗਾਨਿਸਤਾਨ ਦੇ ਵਿਕਾਸ ਤੇ ਪ੍ਰਗਤੀ ’ਚ ਡੂੰਘੀ ਦਿਲਚਸਪੀ ਰਖਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਅਫ਼ਗਾਨਿਸਤਾਨ ਲਈ ਛੇ ਨਵੇਂ ਪ੍ਰਾਜੈਕਟਾਂ ਨੂੰ ਲੈ ਕੇ ਵਚਨਬੱਧ ਹੈ, ਜਿਨ੍ਹਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘20 ਐਂਬੂਲੈਂਸਾਂ ਦਾ ਤੋਹਫ਼ਾ ਸਦਭਾਵਨਾ ਦਾ ਇੱਕ ਹੋਰ ਸੰਕੇਤ ਹੈ ਅਤੇ ਮੈਂ ਸੰਕੇਤਕ ਕਦਮ ਵਜੋਂ ਤੁਹਾਨੂੰ ਨਿੱਜੀ ਤੌਰ ’ਤੇ ਉਨ੍ਹਾਂ ’ਚੋਂ ਪੰਜ ਸੌਂਪਣਾ ਚਾਹੁੰਦਾ ਹਾਂ।’ -ਪੀਟੀਆਈ