ਅਸਾਮ: ਗਰਨੇਡ ਹਮਲੇ ਵਿੱਚ ਤਿੰਨ ਪੁਲੀਸ ਕਰਮੀ ਜ਼ਖਮੀ
ਗੁਹਾਟੀ, 25 ਜੂਨ
ਗੋਲਾਘਾਟ ਜ਼ਿਲ੍ਹੇ ਦੇ ਬੋਕਾਖਟ ਵਿਖੇ ਸੀ.ਆਰ.ਪੀ.ਐੱਫ. ਕੈਂਪ ’ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗਰਨੇਡ ਸੁੱਟੇ ਜਾਣ ਤੋਂ ਬਾਅਦ ਅਸਾਮ ਪੁਲੀਸ ਦੇ ਤਿੰਨ ਕਰਮੀ ਜ਼ਖਮੀ ਹੋ ਗਏ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਸਪਗੁਰੀ ਖੇਤਰ ਦੇ ਕੈਂਪ ’ਤੇ ਗਰਨੇਡ ਸੁੱਟਿਆ ਗਿਆ ਸੀ, ਜਿਸ ਉਪਰੰਤ ਜ਼ਖਮੀਆਂ ਨੂੰ ਬੋਕਾਖਟ ਦੇ ਸਵਾਹਿਦ ਕਮਲਾ ਮੀਰੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਅਧਿਕਾਰੀ ਨੇ ਅੱਗੇ ਕਿਹਾ, "ਅਸੀਂ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੇ ਹਾਂ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਇਹ ਕੱਟੜਪੰਥੀਆਂ, ਸ਼ਿਕਾਰੀਆਂ ਜਾਂ ਬਦਮਾਸ਼ਾਂ ਦਾ ਕੰਮ ਸੀ।" ਬੋਕਾਖਟ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਖੇਤੀਬਾੜੀ ਮੰਤਰੀ ਅਤੁਲ ਬੋਰਾ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਖਮੀ ਪੁਲੀਸ ਕਰਮਚਾਰੀਆਂ ਦੀ ਸਿਹਤ ਬਾਰੇ ਪੁੱਛਿਆ। ਉਨ੍ਹਾਂ ਐਕਸ ’ਤੇ ਕਿਹਾ, ‘‘ਮੈਂ ਹਿੰਸਾ ਦੇ ਇਸ ਕਾਇਰਤਾਪੂਰਨ ਕੰਮ ਦੀ ਸਖ਼ਤ ਨਿੰਦਾ ਕਰਦਾ ਹਾਂ। ਅਜਿਹੀਆਂ ਘਟਨਾਵਾਂ ਦੀ ਇੱਕ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ ਹੈ ਅਤੇ ਇਹ ਖੇਤਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੇ ਸਾਡੇ ਸਮੂਹਿਕ ਇਰਾਦੇ ਨੂੰ ਨਹੀਂ ਰੋਕ ਸਕਣਗੀਆਂ।’’ -ਪੀਟੀਆਈ