ਅਸਾਮ: ਗਾਇਕ ਜ਼ੂਬਿਨ ਗਰਗ ਦਾ ਸਰਕਾਰੀ ਸਨਮਾਨ ਨਾਲ ਸਸਕਾਰ
ਭੈਣ ਪਾਲਮੇ ਬੋਰਠਾਕੁਰ ਤੇ ਸੰਗੀਤਕਾਰ ਰਾਹੁਲ ਗੌਤਮ ਨੇ ਦਿਖਾਈ ਚਿਖਾ ਨੂੰ ਅਗਨੀ, ਅਸਾਮ ਪੁਲੀਸ ਨੇ ਦਿੱਤੀ ਸਲਾਮੀ
ਗਾਇਕ ਜ਼ੂਬਿਨ ਗਰਗ ਦਾ ਅੱਜ ਗੁਹਾਟੀ ਦੇ ਬਾਹਰਵਾਰ ਕਾਮਰਕੁਚੀ ਦੇ ਜੰਗਲੀ ਖੇਤਰ ਵਿਚ ਵੈਦਿਕ ਮੰਤਰਾਂ ਦੇ ਜਾਪ ਦੌਰਾਨ ਸਸਕਾਰ ਕਰ ਦਿੱਤਾ ਗਿਆ। ਗਾਇਕ ਦੀ ਭੈਣ ਪਾਲਮੇ ਬੋਰਠਾਕੁਰ ਅਤੇ ਸੰਗੀਤਕਾਰ ਰਾਹੁਲ ਗੌਤਮ, ਜੋ ਗਾਇਕ ਦਾ ਚੇਲਾ ਵੀ ਸੀ, ਨੇ ਜ਼ੂਬਿਨ ਦੀ ਚਿਖਾ ਨੂੰ ਅਗਨੀ ਦਿਖਾਈ। ਜ਼ੂਬਿਨ ਦੀ ਪਤਨੀ ਗਰਿਮਾ ਸੈਕੀਆ ਗਰਗ ਸਸਕਾਰ ਵੇਲੇ ਕੋਨੇ ’ਤੇ ਬੈਠੀ ਰਹੀ। ਉਥੇ ਮੌਜੂਦ ਜ਼ੁਬੀਨ ਦੇ ਪ੍ਰਸ਼ੰਸਕ ਉਸ ਦਾ ਗੀਤ ‘ਮਾਇਆਬਿਨੀ ਰਾਤਿਰ ਬੁੱਕੂ’ ਗਾਉਂਦੇ ਨਜ਼ਰ ਆਏ। ਗਾਇਕ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਅਸਾਮ ਪੁਲੀਸ ਨੇ ਬੰਦੂਕਾਂ ਦੀ ਸਲਾਮੀ ਦਿੱਤੀ ਅਤੇ ਬਿਗਲ ਵਜਾਇਆ। ਅੰਤਿਮ ਰਸਮਾਂ ਮੌਕੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ, ਕਿਰਨ ਰਿਜਿਜੂ ਤੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਵੀ ਮੌਜੂਦ ਸਨ। ਚੰਦਨ ਦੇ ਰੁੱਖ ਦੀ ਟਾਹਣੀ, ਜਿਸ ਨੂੰ ਜ਼ੂਬਿਨ ਨੇ 2017 ਵਿੱਚ ਆਪਣੇ ਜਨਮਦਿਨ ’ਤੇ ਲਗਾਇਆ ਸੀ, ਨੂੰ ਚਿਖਾ ’ਤੇ ਰੱਖਿਆ ਗਿਆ। ਇਸ ਤੋਂ ਪਹਿਲਾਂ ਅੱਜ ਸਵੇਰੇ ਗੁਹਾਟੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦੂਜੇ ਪੋਸਟਮਾਰਟਮ ਮਗਰੋਂ ਗਾਇਕ ਜ਼ੂਬਿਨ ਗਰਗ ਦੀ ਦੇਹ ਵਾਪਸ ਅਰਜੁਨ ਭੋਗੇਸ਼ਵਰ ਬਰੂਆ ਸਪੋਰਟਸ ਕੰਪਲੈਕਸ ਲਿਆਂਦੀ ਗਈ, ਜਿੱਥੇ ਐਤਵਾਰ ਤੋਂ ਲੱਖਾਂ ਪ੍ਰਸ਼ੰਸਕਾਂ, ਸ਼ੁਭਚਿੰਤਕਾਂ ਅਤੇ ਮਸ਼ਹੂਰ ਹਸਤੀਆਂ ਨੇ ਉਸ ਨੂੰ ਸ਼ਰਧਾਂਜਲੀ ਦਿੱਤੀ। ਗਾਇਕ ਦੀ ਦੇਹ ਨੂੰ ਰਵਾਇਤੀ ਅਸਮੀ ‘ਗਾਮੋਸਾ’ ਵਿਚ ਲਪੇਟ ਕੇ ਸ਼ੀਸ਼ੇ ਦੇ ਤਾਬੂਤ ਵਿਚ ਰੱਖਿਆ ਗਿਆ ਸੀ। ਤਾਬੂਤ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਵਿੱਚ ਲਿਜਾਇਆ ਗਿਆ।
ਸਨਮਾਨ ਵਜੋਂ ਵਿਦਿਅਕ ਅਦਾਰੇ ਰਹੇ ਬੰਦ
ਗਾਇਕ ਜ਼ੂਬਿਨ ਗਰਗ ਦੀ ਅੰਤਿਮ ਯਾਤਰਾ ਦੇ ਮੱਦੇਨਜ਼ਰ ਸਨਮਾਨ ਵਜੋਂ ਪੂਰੇ ਸੂਬੇ ਵਿਚ ਸਾਰੇ ਵਿਦਿਅਕ ਅਦਾਰੇ ਬੰਦ ਸਨ। ਸੂਬੇ ਭਰ ਵਿੱਚ ਕਈ ਥਾਵਾਂ ’ਤੇ ਵੱਡੀਆਂ ਐੱਲ ਈ ਡੀ ਸਕਰੀਨਾਂ ਲਗਾਈਆਂ ਗਈਆਂ ਤਾਂ ਜੋ ਪ੍ਰਸ਼ੰਸਕ ਗਰਗ ਦੀ ਅੰਤਿਮ ਯਾਤਰਾ ਨੂੰ ਦੇਖ ਸਕਣ। ਸੂਬਾ ਸਰਕਾਰ ਨੇ ਅੱਜ ਪੂਰੇ ਸੂਬੇ ਵਿਚ ‘ਡਰਾਈ ਡੇਅ’ ਐਲਾਨਿਆ ਹੋਇਆ ਸੀ।