Zubeen Garg death case ਅਸਾਮ ਪੁਲੀਸ ਦੀ ਜਾਂਚ ਟੀਮ ਗਾਇਕ ਜ਼ੂਬਿਨ ਗਰਗ ਦੇ ਮੌਤ ਦੇ ਮਾਮਲੇ ਦੀ ਜਾਂਚ ਕਰਨ ਲਈ ਸਿੰਗਾਪੁਰ ਪੁੱਜ ਗਈ ਹੈ। ਇਹ ਟੀਮ ਉਸ ਥਾਂ ਦਾ ਦੌਰਾ ਕਰੇਗੀ ਜਿੱਥੇ ਜ਼ੂਬਿਨ ਦੀ ਤਾਰੀਆਂ ਲਾਉਂਦੇ ਹੋਏ ਮੌਤ ਹੋ ਗਈ ਸੀ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਆਈਡੀ ਦੇ ਸਪੈਸ਼ਲ ਡੀਜੀਪੀ ਮੁੰਨਾ ਪ੍ਰਸਾਦ ਗੁਪਤਾ ਅਤੇ ਟੀਟਾਬੋਰ ਦੇ ਸਹਿ-ਜ਼ਿਲ੍ਹਾ ਐਸਪੀ ਤਰੁਣ ਗੋਇਲ ਪਹਿਲਾਂ ਹੀ ਗੁਹਾਟੀ ਤੋਂ ਸਿੱਧੀ ਉਡਾਣ ਰਾਹੀਂ ਸਿੰਗਾਪੁਰ ਪਹੁੰਚ ਚੁੱਕੇ ਹਨ। ਗੁਪਤਾ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਅਗਵਾਈ ਕਰ ਰਹੇ ਹਨ, ਜਦੋਂ ਕਿ ਗੋਇਲ ਨੌਂ ਮੈਂਬਰੀ ਟੀਮ ਦੇ ਮੈਂਬਰ ਹਨ। ਅਧਿਕਾਰੀ ਨੇ ਸਿੰਗਾਪੁਰ ਵਿੱਚ ਜਾਂਚ ਦੇ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇੱਕ ਸੂਤਰ ਨੇ ਕਿਹਾ ਕਿ ਅਸਾਮ ਪੁਲੀਸ ਟੀਮ ਇਸ ਮਾਮਲੇ ’ਤੇ ਸਿੰਗਾਪੁਰ ਪੁਲੀਸ ਨਾਲ ਕਈ ਨੁਕਤੇ ਸਾਂਝੇ ਕਰੇਗੀ।
ਜ਼ਿਕਰਯੋਗ ਹੈ ਕਿ ਇਸ ਗਾਇਕ ਦੀ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਰਹੱਸਮਈ ਹਾਲਾਤ ਵਿੱਚ ਮੌਤ ਹੋ ਗਈ ਸੀ। ਉਹ ਉੱਤਰ ਪੂਰਬੀ ਭਾਰਤ ਉਤਸਵ ਦੇ ਚੌਥੇ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਦੱਖਣ-ਪੂਰਬੀ ਏਸ਼ਿਆਈ ਦੇਸ਼ ਵਿਚ ਗਿਆ ਸੀ।
ਦੂਜੇ ਪਾਸੇ ਵਿਰੋਧੀ ਪਾਰਟੀ ਨੇ ਸੂਬਾ ਸਰਕਾਰ ’ਤੇ ਨਿਸ਼ਾਨੇ ਸੇਧੇ ਹਨ। ਅਸਾਮ ਕਾਂਗਰਸ ਦੇ ਪ੍ਰਧਾਨ ਗੌਰਵ ਗੋਗੋਈ ਨੇ ਦੋਸ਼ ਲਗਾਇਆ ਸੀ ਕਿ ਸਿੰਗਾਪੁਰ ਵਿੱਚ ਗਾਇਕ ਜ਼ੂਬਿਨ ਗਰਗ ਦੀ ਮੌਤ ਦੀ ਜਾਂਚ ਸਹੀ ਦਿਸ਼ਾ ਵਿੱਚ ਅੱਗੇ ਨਹੀਂ ਵਧ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਸੂਬਾ ਸਰਕਾਰ ਨੇ ਸ਼ਿਆਮਕਾਨੂ ਮਹੰਤਾ ਅਤੇ ਸਿਧਾਰਥ ਸ਼ਰਮਾ ਨੂੰ ਬਚਾਉਣ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ, ਜੋ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ, ਕਿਉਂਕਿ ਉਨ੍ਹਾਂ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਅਤੇ ਭਾਜਪਾ ਨਾਲ ਨੇੜਲੇ ਸਬੰਧ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸ਼ਿਆਮਕਾਨੂ ਮਹੰਤਾ ਅਤੇ ਸਿਧਾਰਥ ਸ਼ਰਮਾ ਬਾਰੇ ਸਾਰੀ ਜਾਣਕਾਰੀ ਜਨਤਕ ਕਰੇ। ਇਸ ਸਬੰਧੀ ਕੁਝ ਵੀ ਲੁਕਾਇਆ ਨਹੀਂ ਜਾਣਾ ਚਾਹੀਦਾ ਪਰ ਸਰਕਾਰ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦੇ ਰਹੀ। ਪੀਟੀਆਈ