Assam Anti Polygamy Bill: ਅਸਾਮ ਵਿੱਚ ਬਹੁ-ਵਿਆਹ ’ਤੇ ਪਾਬੰਦੀ ਬਿਲ ਪਾਸ; ਉਲੰਘਣਾ ਕਰਨ ਵਾਲਿਆਂ ਨੂੰ 10 ਸਾਲ ਤੱਕ ਦੀ ਕੈਦ !
ਹਿਮੰਤਾ ਨੇ ਅਗਲੇ ਕਾਰਜਕਾਲ ’ਚ UCC ਲਾਗੂ ਕਰਨ ਦਾ ਕੀਤਾ ਵਾਅਦਾ, ਕਿਹਾ-ਇਹ ਇਸਲਾਮ ਦੇ ਖਿਲਾਫ਼ ਨਹੀਂ
ਅਸਾਮ ਵਿਧਾਨ ਸਭਾ ਨੇ ਬਹੁ-ਵਿਆਹ (Polygamy) ’ਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ ਪਾਸ ਕਰ ਦਿੱਤਾ, ਜਿਸ ਤਹਿਤ ਕੁਝ ਅਪਵਾਦਾਂ ਨੂੰ ਛੱਡ ਕੇ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ।
ਇਸ ਕਾਨੂੰਨ ਦੇ ਦਾਇਰੇ ਤੋਂ ਅਨੁਸੂਚਿਤ ਕਬੀਲੇ (ST) ਸ਼੍ਰੇਣੀ ਨਾਲ ਸਬੰਧਤ ਲੋਕਾਂ ਅਤੇ ਛੇਵੀਂ ਅਨੁਸੂਚੀ ਅਧੀਨ ਆਉਂਦੇ ਖੇਤਰਾਂ ਨੂੰ ਬਾਹਰ ਰੱਖਿਆ ਗਿਆ ਹੈ।
ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਜੇ ਉਹ ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੁਬਾਰਾ ਮੁੱਖ ਮੰਤਰੀ ਬਣਦੇ ਹਨ ਤਾਂ ਅਸਾਮ ਵਿੱਚ ਯੂਨੀਫਾਰਮ ਸਿਵਲ ਕੋਡ (UCC) ਲਾਗੂ ਕੀਤਾ ਜਾਵੇਗਾ।
ਅਸਾਮ ਪ੍ਰੋਹਿਬੀਸ਼ਨ ਆਫ਼ ਪੋਲੀਗਾਮੀ ਬਿੱਲ, 2025 ਦੇ ਪਾਸ ਹੋਣ ਦੌਰਾਨ, ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਅਤੇ ਰਾਜਨੀਤਿਕ ਵਿਭਾਗਾਂ ਦਾ ਪੋਰਟਫੋਲੀਓ ਵੀ ਹੈ, ਨੇ ਕਿਹਾ ਕਿ ਇਹ ਕਾਨੂੰਨ ਧਰਮਾਂ ਦੀ ਪਰਵਾਹ ਕੀਤੇ ਬਿਨਾਂ ਹੈ ਅਤੇ ਇਸਲਾਮ ਦੇ ਵਿਰੁੱਧ ਨਹੀਂ ਹੈ, ਜਿਵੇਂ ਕਿ ਇੱਕ ਵਰਗ ਦੁਆਰਾ ਸਮਝਿਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ, “ ਹਿੰਦੂ ਬਹੁ-ਵਿਆਹ ਤੋਂ ਮੁਕਤ ਨਹੀਂ ਹਨ। ਇਹ ਸਾਡੀ ਜ਼ਿੰਮੇਵਾਰੀ ਵੀ ਹੈ। ਇਹ ਬਿੱਲ ਹਿੰਦੂ, ਮੁਸਲਿਮ, ਈਸਾਈ ਅਤੇ ਹੋਰ ਸਾਰੇ ਸਮਾਜਾਂ ਦੇ ਲੋਕਾਂ ਨੂੰ ਕਵਰ ਕਰੇਗਾ।”
ਯੂਸੀਸੀ ਦੇ ਮੁੱਦੇ ’ਤੇ, ਸਰਮਾ ਨੇ ਕਿਹਾ ਕਿ ਜੇ ਉਹ ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੁਬਾਰਾ ਸੀਐਮ ਬਣਦੇ ਹਨ, ਤਾਂ ਇਸ ਨੂੰ ਅਸਾਮ ਵਿੱਚ ਲਾਗੂ ਕੀਤਾ ਜਾਵੇਗਾ। ਅਸਾਮ ਵਿੱਚ ਵਿਧਾਨ ਸਭਾ ਚੋਣਾਂ 2026 ਵਿੱਚ ਮਾਰਚ-ਅਪਰੈਲ ਵਿੱਚ ਹੋਣ ਦੀ ਸੰਭਾਵਨਾ ਹੈ।
ਸਰਮਾ ਨੇ ਕਿਹਾ, “ ਮੈਂ ਸਦਨ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੇ ਮੈਂ ਸੀਐਮ ਵਜੋਂ ਵਾਪਸ ਆਉਂਦਾ ਹਾਂ ਤਾਂ ਯੂਸੀਸੀ ਬਿੱਲ ਨਵੀਂ ਸਰਕਾਰ ਦੇ ਪਹਿਲੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਲਾਗੂ ਕੀਤਾ ਜਾਵੇਗਾ।”
ਉਨ੍ਹਾਂ ਕਿਹਾ ਕਿ ਬਹੁ-ਵਿਆਹ ’ਤੇ ਪਾਬੰਦੀ ਯੂਸੀਸੀ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ, “ ਧੋਖਾਧੜੀ ਵਾਲੇ ਵਿਆਹ (deceptive marriage) ਵਿਰੁੱਧ ਇੱਕ ਬਿੱਲ ਫਰਵਰੀ ਦੇ ਅੰਤ ਤੱਕ ਸੈਸ਼ਨ ਦੌਰਾਨ ਲਿਆਂਦਾ ਜਾਵੇਗਾ।

