ਜਦ ਤੱਕ ਜ਼ਿੰਦਾ ਹਾਂ ਕਿਸੇ ਨੂੰ ਵੋਟ ਦਾ ਹੱਕ ਖੋਹਣ ਨਹੀਂ ਦੇਵਾਂਗੀ: ਮਮਤਾ
ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ’ਤੇ ਵੰਸ਼ਵਾਦ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜਦ ਤੱਕ ਉਹ ਜ਼ਿੰਦਾ ਹਨ ਤਦ ਤੱਕ ਕਿਸੇ ਨੂੰ ਵੀ ਲੋਕਾਂ ਦੇ ਵੋਟ ਪਾਉਣ ਦਾ ਹੱਕ ਖੋਹਣ ਨਹੀਂ ਦੇਵੇਗੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਭਾਰਤੀ ਚੋਣ ਕਮਿਸ਼ਨ ਨੂੰ ਵੀ ਨਿਸ਼ਾਨਾ ਬਣਾਇਆ, ਹਾਲਾਂਕਿ ਉਨ੍ਹਾਂ ਨੇ ਚੋਣ ਕਮਿਸ਼ਨ ਦਾ ਸਿੱਧਾ ਨਾਂ ਨਹੀਂ ਲਿਆ। ਮਮਤਾ ਨੇ ਕਿਹਾ, ‘ਅਮਿਤ ਬਾਬੂ, ਤੁਸੀਂ ਸਾਡੇ ’ਤੇ ਵੰਸ਼ਵਾਦ ਦੀ ਰਾਜਨੀਤੀ ਕਰਨ ਦਾ ਦੋਸ਼ ਲਾ ਰਹੇ ਹੋ ਪਰ ਤੁਸੀਂ ਆਪਣੇ ਪੁੱਤਰ ਬਾਰੇ ਗੱਲ ਨਹੀਂ ਕਰ ਰਹੇ ਜੋ ਇੱਕ ਅੰਤਰਰਾਸ਼ਟਰੀ ਕ੍ਰਿਕਟ ਬੋਰਡ ਦੀ ਪ੍ਰਧਾਨਗੀ ਕਰਦਾ ਹੈ ਜਿਸ ਬੋਰਡ ਕੋਲ ਹਜ਼ਾਰਾਂ ਅਤੇ ਲੱਖਾਂ ਕਰੋੜ ਰੁਪਏ ਹਨ। ਕੀ ਇਹ ਵੰਸ਼ਵਾਦ ਨਹੀਂ ਹੈ? ਕੀ ਤੁਸੀਂ ਇਸ ਨੂੰ ਸਮਾਜਵਾਦ ਕਹਿੰਦੇ ਹੋ?’ ਜ਼ਿਕਰਯੋਗ ਹੈ ਕਿ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਤੇੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਕਾਰਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ’ਤੇ ਵੰਸ਼ਵਾਦੀ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਸੀ। ਮਮਤਾ ਨੇ ਇਹ ਦੋਸ਼ ਤ੍ਰਿਣਮੂਲ ਕਾਂਗਰਸ ਦੇ ਵਿਦਿਆਰਥੀ ਵਿੰਗ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਲਾਏ।
ਤ੍ਰਿਣਮੂਲ ਕਾਂਗਰਸ ਬਿਹਾਰ ਅਤੇ ਬੰਗਾਲ ਸਣੇ ਵੱਖ-ਵੱਖ ਰਾਜਾਂ ਵਿੱਚ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਨੂੰ ਸ਼ੁਰੂ ਕਰਨ ਲਈ ਆਲੋਚਨਾ ਕਰ ਰਹੀ ਹੈ। ਮਮਤਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਿਸੇ ਨੂੰ ਵੀ ਲੋਕਾਂ ਦਾ ਵੋਟ ਪਾਉਣ ਦਾ ਹੱਕ ਖੋਹਣ ਨਹੀਂ ਦੇਵੇਗੀ। ਪੀਟੀਆਈ