ਸ਼ੰਘਾਈ ਵਿਚ ਹਿਰਾਸਤ ’ਚ ਲਈ ਅਰੁਣਾਚਲ ਦੀ ਮਹਿਲਾ ਨੇ ਟ੍ਰੋਲਰਾਂ ਨੂੰ ਭੰਡਿਆ, ਭਾਰਤ ਦੇ ਸਟੈਂਡ ਦੀ ਕੀਤੀ ਹਮਾਇਤ
ਅਰੁਣਾਚਲ ਪ੍ਰਦੇਸ਼ ਦੀ ਵਸਨੀਕ ਪੇਮ ਵਾਂਗ ਥੌਂਗਡੋਕ, ਜਿਸ ਨੂੰ ਹਾਲ ਹੀ ਵਿਚ ਸ਼ੰਘਾਈ ਹਵਾਈ ਅੱਡੇ ’ਤੇ ਚੀਨੀ ਇਮੀਗ੍ਰੇਸ਼ਨ ਅਥਾਰਿਟੀਜ਼ ਵੱਲੋਂ ਕਥਿਤ ਤੰਗ ਪ੍ਰੇਸ਼ਾਨ ਕੀਤਾ ਗਿਆ, ਨੇ ਇਸ ਘਟਨਾ ਮਗਰੋਂ ਉਸ ਦੀ ਪਿੱਠ ’ਤੇ ਆਏ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਆਨਲਾਈਨ...
ਅਰੁਣਾਚਲ ਪ੍ਰਦੇਸ਼ ਦੀ ਵਸਨੀਕ ਪੇਮ ਵਾਂਗ ਥੌਂਗਡੋਕ, ਜਿਸ ਨੂੰ ਹਾਲ ਹੀ ਵਿਚ ਸ਼ੰਘਾਈ ਹਵਾਈ ਅੱਡੇ ’ਤੇ ਚੀਨੀ ਇਮੀਗ੍ਰੇਸ਼ਨ ਅਥਾਰਿਟੀਜ਼ ਵੱਲੋਂ ਕਥਿਤ ਤੰਗ ਪ੍ਰੇਸ਼ਾਨ ਕੀਤਾ ਗਿਆ, ਨੇ ਇਸ ਘਟਨਾ ਮਗਰੋਂ ਉਸ ਦੀ ਪਿੱਠ ’ਤੇ ਆਏ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਆਨਲਾਈਨ ਟ੍ਰੋਲਰਾਂ ਨੂੰ ਜਮ ਕੇ ਭੰਡਿਆ ਹੈ। ਉਸ ਵੱਲੋਂ ਕੀਤੀਆਂ ਟਿੱਪਣੀਆਂ, ਖਾਸ ਕਰਕੇ ਉਸ ਵੱਲੋਂ ਇਹ ਕਹਿਣਾ ਕਿ ਭਾਰਤ ਸਰਕਾਰ ਵੱਲੋਂ ਕੀਤੀ ਗਈ ਕੋਈ ਵੀ ਕੂਟਨੀਤਕ ਕਾਰਵਾਈ ਇਕੱਲੀ ਉਸ ਲਈ ਨਹੀਂ ਬਲਕਿ ਸਾਰੇ ਨਾਗਰਿਕਾਂ ਦੇ ਹਿੱਤ ਵਿਚ ਹੈ, ਦੀ ਕਾਫ਼ੀ ਚਰਚਾ ਹੋ ਰਹੀ ਹੈ।
ਥੌਂਗਡੋਕ ਨੇ ਕਿਹਾ ਕਿ 21 ਨਵੰਬਰ ਨੂੰ ਲੰਡਨ ਤੋਂ ਜਾਪਾਨ ਜਾਂਦਿਆਂ ਸ਼ੰਘਾਈ ਵਿੱਚ ਤਿੰਨ ਘੰਟੇ ਦੇ ਛੋਟੇ ਪੜਾਅ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਕਰੀਬ 18 ਘੰਟਿਆਂ ਲਈ ਹਿਰਾਸਤ ਵਿੱਚ ਰੱਖਿਆ ਸੀ। ਉਸ ਮੁਤਾਬਕ ਚੀਨੀ ਅਧਿਕਾਰੀਆਂ ਨੇ ਉਸ ਦੇ ਭਾਰਤੀ ਪਾਸਪੋਰਟ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦੇ ਪਾਸਪੋਰਟ ਵਿਚ ਉਹਦਾ ਜਨਮ ਸਥਾਨ ਅਰੁਣਾਚਲ ਪ੍ਰਦੇਸ਼ ਵਜੋਂ ਸੂਚੀਬੱਧ ਹੈ, ਜਿਸ ਨੂੰ ਬੀਜਿੰਗ ਆਪਣੇ ਅਧਿਕਾਰ ਵਾਲਾ ਖੇਤਰ ਦੱਸਦਾ ਹੈ।
ਥੌਂਗਡੋਕ ਨੇ ਮੰਗਲਵਾਰ ਰਾਤ ਨੂੰ ਸਾਂਝੀ ਕੀਤੀ ਇੱਕ ਪੋਸਟ ਵਿੱਚ ਉਸ ਦੀ ਪਿੱਠ ’ਤੇ ਖੜ੍ਹਨ ਵਾਲੇ ਸਮਰਥਕਾਂ ਦਾ ਧੰਨਵਾਦ ਕੀਤਾ ਜਦੋਂਕਿ ਉਨ੍ਹਾਂ ਲੋਕਾਂ ਦੀ ਖੁੱਲ੍ਹ ਕੇ ਨੁਕਤਾਚੀਨੀ ਕੀਤੀ ਜਿਨ੍ਹਾਂ ਨੇ ਉਸ ਨੂੰ ਆਨਲਾਈਨ ਨਿਸ਼ਾਨਾ ਬਣਾਉਣ (ਟਰੌਲ ਕਰਨ) ਦੀ ਕੋਸ਼ਿਸ਼ ਕੀਤੀ।
ਉਸ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਇਸ ਕੂਟਨੀਤਕ ਮੁੱਦੇ ਦੇ ਹੱਕ ਵਿੱਚ ਬੋਲਣ ਵਾਲੇ ਹਰ ਕਿਸੇ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।’’ ਥੌਂਗਡੋਕ ਨੇ ਕਿਹਾ ਕਿ ਵਿੱਤੀ ਸੇਵਾਵਾਂ ਵਿੱਚ ਹਾਈ ਪ੍ਰੋਫਾਈਲ ਨੌਕਰੀ ਕਰਕੇ ਉਹ ਇਸ ਪਲੈਟਫਾਰਮ ਦੀ ਵਰਤੋਂ ਘੱਟ ਹੀ ਕਰਦੀ ਹੈ। ਉਸ ਨੇ ਕਿਹਾ, ‘‘ਮੇਰੇ ਕੋਲ ਟ੍ਰੋਲਰਾਂ ਨੂੰ ਜਵਾਬ ਦੇਣ ਲਈ ਵਿਹਲਾ ਸਮਾਂ ਨਹੀਂ ਹੈ।’’
ਉਸ ਨੇ ਕਿਹਾ ਕਿ ‘ਸਹੀ ਲੋਕ’ ਉਸ ਦੇ ਬਿਆਨਾਂ ਨੂੰ ਸਮਝਦੇ ਹਨ, ਅਤੇ ਜਿਨ੍ਹਾਂ ਨੂੰ ਸਮਝ ਨਹੀਂ ਆਈ, ਉਹ ਗੱਲਬਾਤ ਕਰਨ ਦੇ ਯੋਗ ਨਹੀਂ ਹਨ। ਇਕਜੁੱਟਤਾ ਲਈ ਜ਼ੋਰ ਦਿੰਦਿਆਂ ਥੌਂਗਡੋਕ ਨੇ ਕਿਹਾ, ‘‘ਮੈਂ ਭਾਰਤ ਵਿੱਚ ਵੀ ਨਹੀਂ ਰਹਿੰਦੀ, ਇਸ ਲਈ ਭਾਰਤ ਸਰਕਾਰ ਜੋ ਵੀ ਕਾਰਵਾਈ ਕਰੇਗੀ ਉਹ ਮੇਰੇ ਸਾਥੀ ਭਾਰਤੀਆਂ ਅਤੇ ਉੱਥੇ ਰਹਿਣ ਵਾਲੇ ਅਰੁਣਾਚਲੀਆਂ ਦੇ ਫਾਇਦੇ ਅਤੇ ਮਾਣ ਲਈ ਹੋਵੇਗੀ, ਮੇਰੇ ਲਈ ਨਹੀਂ। ਅਸੀਂ ਇੱਕ ਰਾਸ਼ਟਰ ਹਾਂ; ਅਸੀਂ ਇੱਕ ਦੂਜੇ ਲਈ ਖੜ੍ਹੇ ਹਾਂ।’’
ਸ਼ੰਘਾਈ ਵਿਚ ਕੀ ਹੋਇਆ
ਥੌਂਗਡੋਕ ਨੇ ਸ਼ੰਘਾਈ ਦੇ ਇਸ ਕੌੜੇ ਤਜਰਬੇ ਨੂੰ ਭਾਰਤ ਦੀ ਪ੍ਰਭੂਸੱਤਾ ਦਾ ਸਿੱਧਾ ‘ਨਿਰਾਦਰ’ ਦੱਸਿਆ। ਉਸ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਪਾਸਪੋਰਟ ਨੂੰ ‘ਅਵੈਧ’ ਐਲਾਨ ਦਿੱਤਾ ਸੀ ਕਿਉਂਕਿ ਉਸ ਦਾ ਜਨਮ ਅਰੁਣਾਚਲ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਸੀ, ਅਤੇ ਇੱਕ ਵੈਧ ਜਾਪਾਨੀ ਵੀਜ਼ਾ ਹੋਣ ਦੇ ਬਾਵਜੂਦ, ਉਸ ਨੂੰ ਅਗਲੀ ਉਡਾਣ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਉਸ ਨੇ ਦੋਸ਼ ਲਗਾਇਆ ਕਿ ਅਧਿਕਾਰੀਆਂ ਅਤੇ ਚਾਈਨਾ ਈਸਟਰਨ ਏਅਰਲਾਈਨਜ਼ ਦੇ ਸਟਾਫ ਦੋਵਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਸੁਝਾਅ ਦਿੱਤਾ ਕਿ ਉਸਨੂੰ ‘ਚੀਨੀ ਪਾਸਪੋਰਟ’ ਲਈ ਅਰਜ਼ੀ ਦੇਣੀ ਚਾਹੀਦੀ ਹੈ। ਲੰਬੀ ਹਿਰਾਸਤ ਦੌਰਾਨ ਉਸ ਨੂੰ ਖਾਣਾ ਅਤੇ ਹਵਾਈ ਅੱਡੇ ਦੀਆਂ ਸਹੂਲਤਾਂ ਤੱਕ ਰਸਾਈ ਤੋਂ ਇਨਕਾਰ ਕੀਤਾ ਗਿਆ ਸੀ। ਉਸ ਨੇ ਆਖਰਕਾਰ ਕਿਸੇ ਤਰ੍ਹਾਂ ਯੂਕੇ ਵਿੱਚ ਇੱਕ ਦੋਸਤ ਰਾਹੀਂ ਸ਼ੰਘਾਈ ਵਿੱਚ ਭਾਰਤੀ ਕੌਂਸੁਲੇਟ ਨਾਲ ਸੰਪਰਕ ਕੀਤਾ ਅਤੇ ਉਸੇ ਰਾਤ ਬਾਅਦ ਵਿੱਚ ਆਪਣੀ ਯਾਤਰਾ ਜਾਰੀ ਰੱਖ ਸਕੀ।
ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ: ਵਿਦੇਸ਼ ਮੰਤਰਾਲਾ
ਇਸ ਘਟਨਾ ਮਗਰੋਂ ਭਾਰਤ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਬਾਰੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਅਰੁਣਾਚਲ ਪ੍ਰਦੇਸ਼ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਅਟੁੱਟ ਅੰਗ ਹੈ, ਅਤੇ ਇਹ ਇੱਕ ਸਵੈ-ਸਪੱਸ਼ਟ ਤੱਥ ਹੈ।’’ ਉਨ੍ਹਾਂ ਕਿਹਾ ਕਿ ਚੀਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਨਕਾਰ ਇਸ ਹਕੀਕਤ ਨੂੰ ਨਹੀਂ ਬਦਲੇਗਾ। ਭਾਰਤ ਨੇ ਇਸ ਘਟਨਾ ਨੂੰ ਲੈ ਕੇ ਚੀਨ ਵਿੱਚ ਆਪਣੇ ਦੂਤਾਵਾਸ ਅਤੇ ਨਵੀਂ ਦਿੱਲੀ ਵਿੱਚ ਕੂਟਨੀਤਕ ਚੈਨਲਾਂ ਰਾਹੀਂ ਬੀਜਿੰਗ ਕੋਲ ਸਖ਼ਤ ਵਿਰੋਧ ਦਰਜ ਕੀਤਾ ਹੈ।

