Army chief to visit France ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਚਾਰ ਰੋਜ਼ਾ ਦੌਰੇ ਲਈ ਫਰਾਂਸ ਜਾਣਗੇ
ਅਜੈ ਬੈਨਰਜੀ
ਨਵੀਂ ਦਿੱਲੀ, 23 ਫਰਵਰੀ
Army chief to visit France ਭਾਰਤ ਦੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਭਾਰਤ-ਫਰਾਂਸ ਰੱਖਿਆ ਸਹਿਯੋਗ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਵਜੋਂ 24 ਤੋਂ 27 ਫਰਵਰੀ ਤੱਕ ਚਾਰ ਰੋਜ਼ਾ ਦੌਰੇ ਲਈ ਫਰਾਂਸ ਜਾਣਗੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਜਨਰਲ ਦਿਵੇਦੀ ਦੀ ਫੇਰੀ ਦਾ ਉਦੇਸ਼ ਭਾਰਤ ਅਤੇ ਫਰਾਂਸ ਵਿਚਕਾਰ ਫੌਜੀ ਸਹਿਯੋਗ ਨੂੰ ਮਜ਼ਬੂਤ ਕਰਨਾ, ਸਹਿਯੋਗ ਦੇ ਨਵੇਂ ਰਾਹ ਤਲਾਸ਼ਣਾ ਅਤੇ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਸੈਨਾਵਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਵਧਾਉਣਾ ਹੈ।
ਥਲ ਸੈਨਾ ਮੁਖੀ ਪੈਰਿਸ ਦੀ ਆਪਣੀ ਫੇਰੀ ਦੌਰਾਨ ਸੀਨੀਅਰ ਮਿਲਟਰੀ ਲੀਡਰਸ਼ਿਪ ਨੂੰ ਮਿਲਣਗੇ। ਦਿਨ ਦੀ ਸ਼ੁੁਰੂਆਤ ਗਾਰਡ ਆਫ਼ ਆਨਰ ਨਾਲ ਹੋਵੇਗੀ। ਉਪਰੰਤ ਜਨਰਲ ਦਿਵੇਦੀ ਫਰਾਂਸ ਦੇ ਆਪਣੇ ਹਮਰੁਤਬਾ ਜਨਰਲ Pierre Schill ਨਾਲ ਵਿਚਾਰ ਚਰਚਾ ਕਰਨਗੇ। ਦੋੋਵਾਂ ਮੁਲਕਾਂ ਦੇ ਫੌਜ ਮੁਖੀ ਭਾਰਤ ਤੇ ਫਰਾਂਸ ਦਰਮਿਆਨ ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕਰਨਗੇ। ਆਪਣੀ ਇਸ ਫੇਰੀ ਦੌਰਾਨ ਜਨਰਲ ਦਿਵੇਦੀ ਪੈਰਿਸ ਵਿਚ ਫਰੈਂਚ ਮਿਲਟਰੀ ਸਕੂਲ ਤੇ ਇੰਸਟੀਚਿਊਸ਼ਨ ਕੰਪਲੈਕਸ ਵੀ ਜਾਣਗੇ, ਜਿੱਥੇ ਉਨ੍ਹਾਂ ਨੂੰ ਫਰਾਂਸ ਦੀ ਫੌਜ ਦੇ ਤਕਨੀਕੀ ਸੈਕਸ਼ਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜਨਰਲ ਦਿਵੇਦੀ Versailles ਵਿਚ ‘ਬੈਟਲ ਲੈਬ’ ਦੀ ਫੇਰੀ ਵੀ ਲਾਉਣਗੇ।
ਜਨਰਲ ਦਿਵੇਦੀ Marseille ਦੀ ਯਾਤਰਾ ਵੀ ਕਰਨਗੇ, ਜਿੱਥੇ ਉਹ ਫਰਾਂਸੀਸੀ ਫੌਜ ਦੀ ਤੀਜੀ ਡਿਵੀਜ਼ਨ ਦਾ ਦੌਰਾ ਕਰਨਗੇ। ਭਾਰਤੀ ਫੌਜ ਮੁਖੀ ਨੂੰ ਤੀਜੀ ਡਿਵੀਜ਼ਨ ਦੇ ਮਿਸ਼ਨ ਅਤੇ ਭੂਮਿਕਾ, ਦੁਵੱਲੀ ਅਭਿਆਸ ਸ਼ਕਤੀ, ਭਾਰਤ-ਫਰਾਂਸ ਸਿਖਲਾਈ ਸਹਿਯੋਗ, ਅਤੇ ਫਰਾਂਸੀਸੀ ਫੌਜ ਦੇ ਆਧੁਨਿਕੀਕਰਨ ਪ੍ਰੋਗਰਾਮ (ਸਕਾਰਪੀਅਨ) ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਜਨਰਲ ਦਿਵੇਦੀ ਲਾਈਵ ਫਾਇਰਿੰਗ ਅਭਿਆਸਾਂ ਦੇ ਨਾਲ ਸਕਾਰਪੀਅਨ ਡਿਵੀਜ਼ਨ ਦੇ ਗਤੀਸ਼ੀਲ ਪ੍ਰਦਰਸ਼ਨ ਨੂੰ ਦੇਖਣ ਲਈ Carpiagne ਦਾ ਦੌਰਾ ਕਰਨਗੇ। ਫੌਜ ਮੁਖੀ ਪਹਿਲੀ ਆਲਮੀ ਜੰਗ (1914-18) ਵਿੱਚ ਹਿੱਸਾ ਲੈਣ ਵਾਲੇ ਸ਼ਹੀਦ ਭਾਰਤੀ ਸੈਨਿਕਾਂ ਦੇ ਸਨਮਾਨ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨਿਊਵ ਚੈਪਲ ਇੰਡੀਅਨ ਵਾਰ ਮੈਮੋਰੀਅਲ (Neuve Chapelle Indian War Memorial) ਦਾ ਵੀ ਦੌਰਾ ਕਰਨਗੇ।
ਇਸ ਮਗਰੋਂ ਉਹ ਫਰਾਂਸੀਸੀ ਜੁਆਇੰਟ ਸਟਾਫ ਕਾਲਜ ਵਿੱਚ ਭਾਸ਼ਣ ਦੇਣਗੇ, ਜਿਸ ਵਿੱਚ ਆਧੁਨਿਕ ਜੰਗ ਦੀ ਵਿਕਸਤ ਹੋ ਰਹੀ ਪ੍ਰਕਿਰਤੀ ਅਤੇ ਭਾਰਤ ਦੇ ਰਣਨੀਤਕ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ ਜਾਵੇਗਾ।