DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ’ਚ ਸੈਮੀਕੰਡਕਟਰ ਪ੍ਰਾਜੈਕਟ ਲਾਉਣ ਨੂੰ ਮਨਜ਼ੂਰੀ

ਕੇਂਦਰੀ ਵਜ਼ਾਰਤ ਵਿੱਚ ਲਿਆ ਫ਼ੈਸਲਾ; 4,594 ਕਰੋਡ਼ ਰੁਪਏ ਦਾ ਹੋਵੇਗਾ ਨਿਵੇਸ਼
  • fb
  • twitter
  • whatsapp
  • whatsapp
featured-img featured-img
ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ। -ਫੋਟੋ: ਪੀਟੀਆਈ
Advertisement

ਕੇਂਦਰੀ ਵਜ਼ਾਰਤ ਨੇ ਅੱਜ ਪੰਜਾਬ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿੱਚ ਕੁੱਲ 4,594 ਕਰੋੜ ਰੁਪਏ ਦੇ ਨਿਵੇਸ਼ ਨਾਲ ਚਾਰ ਸੈਮੀਕੰਡਕਟਰ ਪ੍ਰਾਜੈਕਟ ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਦੀ ਮੀਟਿੰਗ ਵਿੱਚ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਜਵੀਜ਼ ‘ਇੰਡੀਆ ਸੈਮੀਕੰਡਕਟਰ ਮਿਸ਼ਨ’ ਤਹਿਤ ਮਨਜ਼ੂਰ ਕੀਤੀ ਗਈ ਹੈ। ਇਸ ਮਿਸ਼ਨ ਤਹਿਤ ਚਿੱਪ ਬਣਾਉਣ ਵਾਲੀਆਂ ਇਕਾਈਆਂ ਦੀ ਸਥਾਪਤੀ ਵਾਸਤੇ ਵਿੱਤੀ ਮਦਦ ਦੇਣ ਲਈ 76,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਵੈਸ਼ਨਵ ਨੇ ਕਿਹਾ, ‘‘ਕੈਬਨਿਟ ਨੇ ਚਾਰ ਸੈਮੀਕੰਡਕਟਰ ਪਲਾਂਟਾਂ ਨੂੰ ਮਨਜ਼ੂਰੀ ਦਿੱਤੀ ਹੈ ਜੋ ਉੜੀਸਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ ਲਗਾਏ ਜਾਣਗੇ।’’

ਵਜ਼ਾਰਤ ਨੇ ਪੰਜਾਬ ਵਿੱਚ 117 ਕਰੋੜ ਰੁਪਏ ਦੇ ਨਿਵੇਸ਼ ਵਾਲੇ ਸੈਮੀਕੰਡਕਟਰ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਹ ਇਲੈਕਟ੍ਰਾਨਿਕ ਸਾਮਾਨ ਬਣਾਉਣ ਵਾਲੀ ਕੰਪਨੀ ਸੀਡੀਆਈਐੱਲ ਵੱਲੋਂ ਲਾਇਆ ਜਾਵੇਗਾ। ਇਸ ਪਲਾਂਟ ਵਿੱਚ ਸਾਲਾਨਾ 15.8 ਕਰੋੜ ਚਿੱਪਾਂ ਬਣਾਈਆਂ ਜਾ ਸਕਣਗੀਆਂ। ਵੈਸ਼ਨਵ ਨੇ ਕਿਹਾ ਕਿ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਸਿਲੀਕਾਨ ਕਾਰਬਾਈਡ ਸੈਮੀਕੰਡਕਟਰ ਪਲਾਂਟ ਲਾਇਆ ਜਾਵੇਗਾ। ਵਜ਼ਾਰਤ ਨੇ ਆਂਧਰਾ ਪ੍ਰਦੇਸ਼ ਵਿੱਚ ਇੱਕ ਚਿੱਪ ਪੈਕੇਜਿੰਗ ਪਲਾਂਟ ਲਾਉਣ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ 2 ਤੋਂ 4 ਸਤੰਬਰ ਤੱਕ ‘ਸੈਮੀਕੋਨ ਇੰਡੀਆ 2025’ ਦੀ ਮੇਜ਼ਬਾਨੀ ਕੀਤੀ ਜਾਵੇਗੀ ਜਿਸ ਵਿੱਚ ਸਿੰਗਾਪੁਰ, ਮਲੇਸ਼ੀਆ, ਜਪਾਨ ਅਤੇ ਕੋਰੀਆ ਭਾਈਵਾਲ ਦੇਸ਼ ਹੋਣਗੇ।

Advertisement

ਇਸ ਤੋਂ ਇਲਾਵਾ ਕੇਂਦਰੀ ਵਜ਼ਾਰਤ ਨੇ ਉੱਤਰ ਪ੍ਰਦੇਸ਼ ਵਿੱਚ ਲਖਨਊ ਮੈਟਰੋ ਰੇਲ ਪ੍ਰਾਜੈਕਟ ਦੇ ਫੇਜ਼-1ਬੀ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਪ੍ਰਾਜੈਕਟ ਦਾ ਕੌਰੀਡੋਰ 11.165 ਕਿਲੋਮੀਟਰ ਲੰਮਾ ਹੋਵੇਗਾ ਜਿਸ ’ਤੇ 5801 ਕਰੋੜ ਰੁਪਏ ਖ਼ਰਚ ਹੋਣਗੇ।

ਵਜ਼ਾਰਤ ਨੇ 700 ਮੈਗਾਵਾਟ ਦੇ ਟੈਟੋ-2 ਪਣਬਿਜਲੀ ਪ੍ਰਾਜੈਕਟ ਲਈ 8146.21 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਅਰੁਣਾਚਲ ਪ੍ਰਦੇਸ਼ ਦੇ ਸ਼ਿਓਮੀ ਜ਼ਿਲ੍ਹੇ ਵਿੱਚ ਸਥਿਤ ਇਸ ਪ੍ਰਾਜੈਕਟ ਦੇ ਪੂਰਾ ਹੋਣ ਦੀ ਮਿਆਦ 72 ਮਹੀਨੇ ਹੈ।

Advertisement
×