DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੱਛਮੀ ਬੰਗਾਲ ’ਚ 25,753 ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਰੱਦ

ਸੁਪਰੀਮ ਕੋਰਟ ਵੱਲੋਂ ਸਾਰੀ ਪ੍ਰਕਿਰਿਆ ਤਰੁੱਟੀਆਂ ਭਰਪੂਰ ਕਰਾਰ; ਦਿਵਿਆਂਗ ਮੁਲਾਜ਼ਮਾਂ ਨੂੰ ਮਨੁੱਖੀ ਆਧਾਰ ’ਤੇ ਛੋਟ ਦਿੰਦਿਆਂ ਨੌਕਰੀ ’ਤੇ ਕਾਇਮ ਰੱਖਿਆ
  • fb
  • twitter
  • whatsapp
  • whatsapp
featured-img featured-img
ਸੁਪਰੀਮ ਕੋਰਟ ਦੇ ਫੈਸਲੇ ਬਾਅਦ ਨਿਰਾਸ਼ ਬੈਠੀ ਅਧਿਆਪਕਾ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 3 ਅਪਰੈਲ

ਪੱਛਮੀ ਬੰਗਾਲ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਸੂਬੇ ਵਿੱਚ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ 25,753 ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਨੂੰ ਅੱਜ ਗੈਰ-ਕਾਨੂੰਨੀ ਅਤੇ ਨਿਯੁਕਤੀ ਪ੍ਰਕਿਰਿਆ ਨੂੰ ‘ਤਰੁੱਟੀਆਂ ਨਾਲ ਭਰਪੂਰ’ ਕਰਾਰ ਦਿੱਤਾ ਹੈ। ਹਾਲਾਂਕਿ, ਸੁਪਰੀਮ ਕੋਰਟ ਨੇ ਦਿਵਿਆਂਗ ਮੁਲਾਜ਼ਮਾਂ ਨੂੰ ਮਨੁੱਖੀ ਆਧਾਰ ’ਤੇ ਛੋਟ ਦਿੰਦੇ ਹੋਏ ਕਿਹਾ ਕਿ ਉਹ ਨੌਕਰੀ ’ਤੇ ਕਾਇਮ ਰਹਿਣਗੇ। ਕਲਕੱਤਾ ਹਾਈ ਕੋਰਟ ਦੇ ਫੈਸਲੇ ਦੇ ਸਬੰਧ ਵਿੱਚ 127 ਪਟੀਸ਼ਨਾਂ ’ਤੇ ਫੈਸਲਾ ਸੁਣਾਉਂਦੇ ਹੋਏ ਚੀਫ਼ ਜਸਟਿਸ ਨੇ ਕਿਹਾ, ‘‘ਸਾਡੇ ਖਿਆਲ ਅਨੁਸਾਰ ਇਹ ਇਕ ਅਜਿਹਾ ਮਾਮਲਾ ਹੈ ਜਿਸ ਵਿੱਚ ਪੂਰੀ ਨਿਯੁਕਤੀ ਪ੍ਰਕਿਰਿਆ ਤਰੁੱਟੀਆਂ ਨਾਲ ਭਰਪੂਰ ਹੈ। ਵੱਡੀ ਪੱਧਰ ’ਤੇ ਹੇਰਾਫੇਰੀ ਅਤੇ ਧੋਖਾਧੜੀ ਦੇ ਨਾਲ-ਨਾਲ ਮਾਮਲੇ ਨੂੰ ਛੁਪਾਉਣ ਦੀਆਂ ਕੋਸ਼ਿਸ਼ਾਂ ਨੇ ਸਾਰੀ ਨਿਯੁਕਤੀ ਪ੍ਰਕਿਰਿਆ ਨੂੰ ਐਨਾ ਨੁਕਸਾਨ ਪਹੁੰਚਾਇਆ ਹੈ ਕਿ ਉਸ ਨੂੰ ਦਰੁਸਤ ਨਹੀਂ ਕੀਤਾ ਜਾ ਸਕਦਾ ਹੈ।’’

Advertisement

ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੈ ਕੁਮਾਰ ਦੇ ਬੈਂਚ ਨੇ ਨਿਯੁਕਤੀਆਂ ਨੂੰ ਰੱਦ ਕਰਨ ਸਬੰਧੀ ਕਲਕੱਤਾ ਹਾਈ ਕੋਰਟ ਦੇ 22 ਅਪਰੈਲ 2024 ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਕਿਹਾ, ‘‘ਨਿਯੁਕਤੀਆਂ ਦੀ ਭਰੋਸੇਯੋਗਤਾ ਅਤੇ ਵੈਧਤਾ ਘੱਟ ਹੋ ਗਈ ਹੈ, ਇਸ ਵਾਸਤੇ ਸਾਨੂੰ ਇਸ ਨੂੰ (ਹਾਈ ਕੋਰਟ ਦੇ ਹੁਕਮਾਂ ਨੂੰ) ਕੁਝ ਸੋਧਾਂ ਦੇ ਨਾਲ ਬਰਕਰਾਰ ਰੱਖਣਾ ਹੋਵੇਗਾ।’’ ਫੈਸਲਾ ਸੁਣਾਉਂਦੇ ਹੋਏ ਚੀਫ਼ ਜਸਟਿਸ ਨੇ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਹੁਣ ਤੱਕ ਲਈਆਂ ਗਈਆਂ ਤਨਖ਼ਾਹਾਂ ਅਤੇ ਹੋਰ ਭੱਤੇ ਵਾਪਸ ਕਰਨ ਦੀ ਲੋੜ ਨਹੀਂ ਹੈ। ਬੈਂਚ ਨੇ ਸੀਬੀਆਈ ਜਾਂਚ ਸਬੰਧੀ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪੱਛਮੀ ਬੰਗਾਲ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਲਈ 4 ਅਪਰੈਲ ਦੀ ਤਰੀਕ ਤੈਅ ਕੀਤੀ। ਵਿਸਥਾਰਤ ਫੈਸਲੇ ਦੀ ਉਡੀਕ ਹੈ। -ਪੀਟੀਆਈ

ਫੈਸਲਾ ਸਵੀਕਾਰ ਨਹੀਂ ਪਰ ਪਾਲਣਾ ਕਰਾਂਗੀ: ਬੈਨਰਜੀ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਨਿਆਂਪਾਲਿਕਾ ਦਾ ਕਾਫੀ ਸਨਮਾਨ ਕਰਦੀ ਹੈ ਪਰ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਨਿਯੁਕਤੀਆਂ ਨੂੰ ਅਯੋਗ ਕਰਾਰ ਦੇਣ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਹ ਸਵੀਕਾਰ ਨਹੀਂ ਕਰ ਸਕਦੀ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ, ‘‘ਮੈਂ ਨਿਆਂਪਾਲਿਕਾ ਤੇ ਜੱਜਾਂ ਦਾ ਕਾਫੀ ਸਨਮਾਨ ਕਰਦੀ ਹਾਂ ਪਰ ਮਨੁੱਖੀ ਨਜ਼ਰੀਏ ਤੋਂ ਮੈਂ ਇਸ ਫੈਸਲੇ ਨੂੰ ਸਵੀਕਾਰ ਨਹੀਂ ਕਰ ਸਕਦੀ ਹਾਂ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਕਾਨੂੰਨੀ ਪੱਖਾਂ ’ਤੇ ਵਿਚਾਰ ਕਰਦੇ ਹੋਏ ਸੁਪਰੀਮ ਕੋਰਟ ਦੇ ਫੈਸਲੇ ਦੀ ਪਾਲਣਾ ਕਰੇਗੀ।’’ ਉੱਧਰ, ਭਾਜਪਾ ਦੀ ਪੱਛਮੀ ਬੰਗਾਲ ਇਕਾਈ ਨੇ 25,753 ਅਧਿਆਪਕਾਂ ਦੀ ‘ਦੁਰਦਸ਼ਾ’ ਲਈ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। -ਪੀਟੀਆਈ

Advertisement
×